ਅੰਮ੍ਰਿਤਸਰ ਪੁਲਿਸ ਦੀ ਵੱਡੀ ਕਾਮਯਾਬੀ, ਅੰਤਰਰਾਸ਼ਟਰੀ ਹਥਿਆਰ-ਨਸ਼ਾ ਅਤੇ ਹਵਾਲਾ ਨੈੱਟਵਰਕ ਦਾ ਪਰਦਾਫਾਸ

ਵਿਦੇਸ਼ ਬੈਠੇ ਹੈਂਡਲਰ ਹੈਰੀ ਸਰਪੰਚ ਨਾਲ ਜੁੜਿਆ ਨੈੱਟਵਰਕ ਬੇਨਕਾਬ, 30.38 ਲੱਖ ਦੀ ਹਵਾਲਾ ਰਕਮ ਜ਼ਬਤ

ਅੰਮ੍ਰਿਤਸਰ ਸਾਹਿਬ ,24 ਜੂਨ (ਜਸ਼ਨ ) ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਇੱਕ ਕੇਂਦਰੀ ਏਜੰਸੀ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਸਰਹੱਦ ਪਾਰ ਤੋਂ ਚਲਾਏ ਜਾ ਰਹੇ ਨਾਜਾਇਜ਼ ਹਥਿਆਰਾਂ, ਨਸ਼ਿਆਂ ਅਤੇ ਹਵਾਲਾ ਰੈਕਟ ਦੇ ਇੱਕ ਵੱਡੇ ਨੈੱਟਵਰਕ ਦਾ ਪਰਦਾਫਾਸ ਕਰਦੇ ਹੋਏ ਸੱਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਕਾਰਵਾਈ ਦੌਰਾਨ ਭਾਰੀ ਮਾਤਰਾ ਵਿੱਚ ਆਧੁਨਿਕ ਹਥਿਆਰ, ਹੇਰੋਇਨ ਅਤੇ ਹਵਾਲਾ ਨਾਲ ਜੁੜੀ ਨਕਦੀ ਬਰਾਮਦ ਕੀਤੀ ਗਈ ਹੈ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੰਗਠਿਤ ਅਪਰਾਧ, ਗੈਂਗਸਟਰ ਗਤੀਵਿਧੀਆਂ ਅਤੇ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਇਹ ਇੱਕ ਵੱਡੀ ਸਫਲਤਾ ਹੈ। ਉਨ੍ਹਾਂ ਕਿਹਾ ਕਿ ਇਸ ਨੈੱਟਵਰਕ ਰਾਹੀਂ ਸਰਹੱਦ ਪਾਰ ਤੋਂ ਨਾਜਾਇਜ਼ ਹਥਿਆਰ, ਹੇਰੋਇਨ ਅਤੇ ਹਵਾਲਾ ਦਾ ਕਾਰੋਬਾਰ ਚਲਾਇਆ ਜਾ ਰਿਹਾ ਸੀ। ਪੁਲਿਸ ਵੱਲੋਂ ਕੀਤੀ ਗਈ ਬਰਾਮਦਗੀ ਵਿੱਚ ਦੋ ਮਸ਼ੀਨ ਗੰਨਾਂ ਅਤੇ ਅੱਠ ਵਿਦੇਸ਼ੀ ਪਿਸਤੌਲ ਸ਼ਾਮਲ ਹਨ। ਇਨ੍ਹਾਂ ਵਿੱਚ ਇਟਲੀ ਦੀ ਬਣੀ UZI ਸਬ-ਮਸ਼ੀਨ ਗੰਨ, ਆਟੋਮੈਟਿਕ ਮਸ਼ੀਨ ਗੰਨ, ਚਾਰ ਗਲਾਕ ਪਿਸਤੌਲ, ਜਿਗਾਨਾ ਸਪੋਰਟਸ ਪਿਸਤੌਲ, ਕੋਲਟ ਕਿੰਗ ਕਮਾਂਡੋ ਸੈਮੀ-ਆਟੋਮੈਟਿਕ ਪਿਸਤੌਲ, ਸਕਾਰਪੀਅਨ ਜਿਗਾਨਾ ਅਤੇ ਇੱਕ ਚਾਈਨੀਜ਼ ਪਿਸਤੌਲ ਸ਼ਾਮਲ ਹੈ। ਇਸ ਤੋਂ ਇਲਾਵਾ 5.048 ਕਿਲੋਗ੍ਰਾਮ ਹੇਰੋਇਨ ਅਤੇ 30 ਲੱਖ 38 ਹਜ਼ਾਰ ਰੁਪਏ ਦੀ ਹਵਾਲਾ ਅਤੇ ਡਰੱਗ ਮਨੀ ਵੀ ਜ਼ਬਤ ਕੀਤੀ ਗਈ ਹੈ। ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਸੱਤ ਮੁਲਜ਼ਮਾਂ ਵਿੱਚ ਇੱਕ ਅਫਗਾਨ ਨਾਗਰਿਕ ਅਤੇ ਇੱਕ ਨਾਬਾਲਗ ਵੀ ਸ਼ਾਮਲ ਹੈ। ਪੁਲਿਸ ਅਨੁਸਾਰ ਅਫਗਾਨ ਨਾਗਰਿਕ ਪਹਿਲਾਂ ਵੀ 2025 ਵਿੱਚ ਡਰੋਨ ਅਤੇ ਹੇਰੋਇਨ ਤਸਕਰੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਹੋ ਚੁੱਕਾ ਹੈ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਪੂਰਾ ਨੈੱਟਵਰਕ ਵਿਦੇਸ਼ ਵਿੱਚ ਬੈਠੇ ਹੈਂਡਲਰ ਹੈਰੀ ਸਰਪੰਚ ਅਤੇ ਪਾਕਿਸਤਾਨ ਦੇ ਇੱਕ ਕੁੱਖਿਆਤ ਸਮੱਗਲਰ ਦੇ ਇਸ਼ਾਰੇ 'ਤੇ ਚਲਾਇਆ ਜਾ ਰਿਹਾ ਸੀ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਬਹੁਤੇ ਨੌਜਵਾਨ ਸਰਹੱਦੀ ਇਲਾਕਿਆਂ ਨਾਲ ਸਬੰਧਤ ਹਨ ਅਤੇ ਛੋਟੇ-ਮੋਟੇ ਕੰਮ ਕਰਦੇ ਸਨ। ਉਨ੍ਹਾਂ ਨੂੰ ਤੇਜ਼ੀ ਨਾਲ ਪੈਸਾ ਕਮਾਉਣ ਦੇ ਲਾਲਚ ਵਿੱਚ ਇਸ ਨੈੱਟਵਰਕ ਨਾਲ ਜੋੜਿਆ ਗਿਆ ਸੀ। ਪੁਲਿਸ ਹੁਣ ਇਸ ਗਿਰੋਹ ਦੇ ਹੋਰ ਮੈਂਬਰਾਂ, ਵਿਦੇਸ਼ੀ ਹੈਂਡਲਰਾਂ ਅਤੇ ਫੰਡਿੰਗ ਚੇਨ ਦੀ ਜਾਂਚ ਕਰ ਰਹੀ ਹੈ ਤਾਂ ਜੋ ਪੂਰੇ ਨੈੱਟਵਰਕ ਨੂੰ ਬੇਨਕਾਬ ਕੀਤਾ ਜਾ ਸਕੇ। ਪੁਲਿਸ ਕਮਿਸ਼ਨਰ ਨੇ ਇਸ ਸਫਲ ਆਪ੍ਰੇਸ਼ਨ ਲਈ ਸੀ.ਆਈ.ਏ. ਸਟਾਫ਼, ਜਾਂਚ ਟੀਮ ਅਤੇ ਸੀਨੀਅਰ ਅਧਿਕਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਅਜਿਹੇ ਨੈੱਟਵਰਕਾਂ ਖ਼ਿਲਾਫ਼ ਸਖ਼ਤ ਕਾਰਵਾਈ ਜਾਰੀ ਰਹੇਗੀ।