ਮੋਗਾ 19 ਜਨਵਰੀ (ਜਸ਼ਨ) : ਰੂਰਲ ਐਨ.ਜੀ.ਓ. ਮੋਗਾ ਦੀ ਮੈਂਬਰ ਸ਼ਹੀਦ ਭਗਤ ਸਿੰਘ ਬਲੱਡ ਡੋਨੇਸ਼ਨ ਸੁਸਾਇਟੀ ਝੰਡੇਵਾਲਾ ਵੱਲੋਂ ਕਿਸਾਨ ਅੰਦੋਲਨ ਦੀ ਜਿੱਤ ਦੀ ਖੁਸ਼ੀ ਵਿੱਚ ਪੰਜਵਾਂ ਵਿਸ਼ਾਲ ਖੂਨਦਾਨ ਕੈਂਪ ਪਿੰਡ ਝੰਡੇਵਾਲਾ ਦੇ ਡੇਰਾ ਭੱਟੀਆਣਾ ਸਾਹਿਬ ਵਿਖੇ ਲਗਾਇਆ ਗਿਆ, ਜਿਸਦਾ ਉਦਘਾਟਨ ਡੇਰੇ ਦੇ ਮੁੱਖ ਸੇਵਾਦਾਰ ਬਾਬਾ ਗੋਕਲ ਸ਼ਾਹ ਜੀ ਵੱਲੋਂ ਆਪਣੇ ਕਰ ਕਮਲਾਂ ਨਾਲ ਕੀਤਾ ਗਿਆ। ਇਸ ਕੈਂਪ ਵਿੱਚ ਨੌਜਵਾਨਾਂ ਵੱਲੋਂ ਬੜੇ ਉਤਸ਼ਾਹ ਨਾਲ ਖੂਨਦਾਨ ਕੀਤਾ ਅਤੇ ਕੈਂਪ ਵਿੱਚ ਕੁੱਲ੍ਹ 66 ਯੂਨਿਟ ਖੂਨਦਾਨ ਹੋਇਆ । ਇਸ ਕੈਂਪ ਵਿੱਚ ਰੂਰਲ ਐਨ.ਜੀ.ਓ. ਮੋਗਾ ਦੇ ਚੇਅਰਮੈਨ ਮਹਿੰਦਰ ਪਾਲ ਲੂੰਬਾ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ । ਇਸ ਮੌਕੇ ਉਹਨਾਂ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸ਼ਹੀਦ ਭਗਤ ਸਿੰਘ ਬਲੱਡ ਡੋਨੇਸ਼ਨ ਸੁਸਾਇਟੀ ਦੁਆਰਾ ਜਿੱਥੇ ਕਿਸਾਨ ਅੰਦੋਲਨ ਵਿੱਚ ਆਗੂ ਭੂਮਿਕਾ ਨਿਭਾਈ ਹੈ ਤੇ ਸੁਸਾਇਟੀ ਦੇ ਮੈਂਬਰਾਂ ਵੱਲੋਂ ਲਗਾਤਾਰ ਟਿਕਰੀ ਬਾਰਡਰ ਤੇ ਸੇਵਾਵਾਂ ਨਿਭਾਈਆਂ ਗਈਆਂ ਹਨ, ਉਥੇ ਕਰੋਨਾ ਦੇ ਦੌਰਾਨ ਵੀ ਸੁਸਾਇਟੀ ਦੇ ਮੈਂਬਰਾਂ ਵੱਲੋਂ ਲੋੜਵੰਦ ਮਰੀਜਾਂ ਲਈ ਵਧ ਚੜ੍ਹ ਕੇ ਖੂਨਦਾਨ ਕੀਤਾ ਗਿਆ, ਜਿਸ ਦੇ ਬਦਲੇ ਵਿੱਚ ਇਸ ਸੁਸਾਇਟੀ ਨੂੰ ਸਿਹਤ ਵਿਭਾਗ ਵੱਲੋਂ ਉਚੇਚੇ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ ਹੈ। ਉਹਨਾਂ ਸਮੂਹ ਸੁਸਾਇਟੀ ਮੈਂਬਰਾਂ ਨੂੰ ਇਸ ਸਨਮਾਨ ਦੀ ਵਧਾਈ ਦਿੰਦਿਆਂ ਅਤੇ ਨੌਜਵਾਨਾਂ ਨੂੰ ਖੂਨਦਾਨ ਪ੍ਰਤੀ ਉਤਸਾਹਿਤ ਕਰਦਿਆਂ ਕਿਹਾ ਕਿ ਖੂਨਦਾਨ ਸਭ ਤੋਂ ਉਤਮ ਦਾਨ ਹੈ ਤੇ ਇਸ ਦਾ ਕੋਈ ਵੀ ਬਦਲ ਬਜਾਰ ਵਿੱਚ ਮੌਜੂਦ ਨਾ ਹੋਣ ਕਾਰਨ ਕੇਵਲ ਮਨੁੱਖ ਦੁਆਰਾ ਹੀ ਇਸ ਦੀ ਪੂਰਤੀ ਕੀਤੀ ਜਾ ਸਕਦੀ ਹੈ। ਉਹਨਾਂ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਰ 18 ਤੋਂ 65 ਸਾਲ ਦੀ ਉਮਰ ਦਾ ਮਨੁੱਖ, ਜਿਸਦਾ ਭਾਰ 45 ਕਿਲੋ ਤੋਂ ਉਪਰ ਹੈ ਤੇ ਕਿਸੇ ਗੰਭੀਰ ਬਿਮਾਰੀ ਤੋਂ ਪੀੜਤ ਨਹੀਂ ਹੈ ਤਾਂ ਉਹ ਹਰ ਤਿੰਨ ਮਹੀਨੇ ਬਾਅਦ ਖੂਨਦਾਨ ਕਰ ਸਕਦਾ ਹੈ। ਇਸ ਲਈ ਸਾਨੂੰ ਕਦੇ ਵੀ ਖੂਨਦਾਨ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ ਤੇ ਮੌਕਾ ਮਿਲਣ ਤੇ ਖੂਨਦਾਨ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਮਹਿੰਦਰ ਪਾਲ ਲੂੰਬਾ, ਸਮਾਜ ਸੇਵੀ ਗੁਰਸੇਵਕ ਸਿੰਘ ਸੰਨਿਆਸੀ, ਹਰਭਜਨ ਸਿੰਘ ਬਹੋਨਾ ਅਤੇ ਸੁਖਦੇਵ ਸਿੰਘ ਬਰਾੜ ਵੱਲੋਂ ਖੂਨਦਾਨੀਆਂ ਨੂੰ ਬੈਜ਼ ਲਗਾ ਕੇ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ । ਕਲੱਬ ਪ੍ਰਧਾਨ ਬਲਜਿੰਦਰ ਸਿੰਘ ਨੇ ਕੈਂਪ ਵਿੱਚ ਪਹੁੰਚ ਕੇ ਖੂਨਦਾਨ ਕਰਨ ਵਾਲੇ ਸਮੂਹ ਖੂਨਦਾਨੀਆਂ ਦਾ ਕੈਂਪ ਨੂੰ ਕਾਮਯਾਬ ਬਨਾਉਣ ਲਈ, ਡੇਰਾ ਭੱਟੀਆਣਾ ਸਾਹਿਬ ਦੇ ਸੇਵਾਦਾਰ ਬਾਬਾ ਗੋਕਲ ਸ਼ਾਹ ਦਾ ਸਹਿਯੋਗ ਲਈ ਅਤੇ ਸਮਾਜ ਸੇਵੀ ਮਹਿੰਦਰ ਪਾਲ ਲੂੰਬਾ, ਗੁਰਸੇਵਕ ਸੰਨਿਆਸੀ, ਹਰਭਜਨ ਸਿੰਘ ਬਹੋਨਾ ਅਤੇ ਸੁਖਦੇਵ ਸਿੰਘ ਬਰਾੜ ਦਾ ਉਚੇਚੇ ਤੌਰ ਤੇ ਕੈਂਪ ਵਿੱਚ ਪਹੁੰਚਣ ਲਈ ਧੰਨਵਾਦ ਕਰਦਿਆਂ ਉਹਨਾਂ ਨੂੰ ਸਨਮਾਨਿਤ ਵੀ ਕੀਤਾ । ਬਲਾਕ ਪ੍ਰਧਾਨ ਜਸਵਿੰਦਰ ਸਿੰਘ ਹੇਰ ਨੇ ਕਲੱਬ ਮੈਂਬਰਾਂ ਦੀ ਹੌਸਲਾ ਅਫਜ਼ਾਈ ਕਰਦਿਆਂ ਕਿਹਾ ਕਿ ਕਲੱਬ ਦੇ ਸਭ ਮੈਂਬਰ ਇਸ ਸਫਲ ਕੈਂਪ ਲਈ ਵਧਾਈ ਦੇ ਪਾਤਰ ਹਨ । ਇਸ ਮੌਕੇ ਉਕਤ ਤੋਂ ਇਲਾਵਾ ਸੁਸਾਇਟੀ ਪ੍ਰਧਾਨ ਬਲਜਿੰਦਰ ਸਿੰਘ, ਬਲਾਕ ਪ੍ਰਧਾਨ ਜਸਵਿੰਦਰ ਸਿੰਘ ਹੇਰ੍ਹ, ਸੁਖਵੰਤ ਸਿੰਘ, ਜਗਦੀਪ ਸਿੰਘ, ਅਮਨ ਜੌਹਲ, ਰਣਧੀਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਨੌਜਵਾਨ ਹਾਜਰ ਸਨ ।
ਖ਼ਬਰਾਂ
ਸ਼ਹੀਦ ਭਗਤ ਸਿੰਘ ਬਲੱਡ ਡੋਨੇਸ਼ਨ ਸੁਸਾਇਟੀ ਵੱਲੋਂ ਲਗਾਏ ਖੂਨਦਾਨ ਕੈਂਪ ਵਿੱਚ 66 ਯੂਨਿਟ ਖੂਨਦਾਨ
* ਸੁਸਾਇਟੀ ਵੱਲੋਂ ਕਰੋਨਾ ਦੌਰਾਨ ਵੀ ਵਧ ਚੜ੍ਹ ਕੇ ਖੂਨਦਾਨ ਕੀਤਾ ਗਿਆ-ਲੂੰਬਾ
19 ਅਕਤੂਬਰ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



