ਫਿਰੋਜ਼ਪੁਰ 22 ਅਗਸਤ (ਤੀਰਥ ਸਨੇਰ): ਐਂਟੀ-ਨਾਰਕੋਟਿਕਸ ਟਾਸਕ ਫੋਰਸ (ਏਐੱਨਟੀਐੱਫ) ਫ਼ਿਰੋਜ਼ਪੁਰ ਰੇਂਜ ਨੇ ਨਸ਼ਾ ਤਸਕਰੀ ਖਿਲਾਫ਼ ਵੱਡੀ ਕਾਰਵਾਈ ਕਰਦਿਆਂ ਪਿਛਲੇ 72 ਘੰਟਿਆਂ ਦੌਰਾਨ ਦੋ ਵੱਖ-ਵੱਖ ਆਪ੍ਰੇਸ਼ਨਾਂ ਵਿੱਚ ਚਾਰ ਕਥਿਤ ਮੁੱਖ ਤਸਕਰਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਅਨੁਸਾਰ ਇਨ੍ਹਾਂ ਕਾਰਵਾਈਆਂ ਦੌਰਾਨ ਕੁੱਲ 6 ਕਿਲੋ 465 ਗ੍ਰਾਮ ਕਮਰਸ਼ੀਅਲ ਮਾਤਰਾ ਦੀ ਹੈਰੋਇਨ, ਦੋ ਆਧੁਨਿਕ ਪਿਸਤੌਲ ਅਤੇ ਦੋ ਵਾਹਨ ਬਰਾਮਦ ਕੀਤੇ ਗਏ ਹਨ। ਮੁੱਢਲੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਦੋਵੇਂ ਨੈੱਟਵਰਕਾਂ ਦੇ ਕਥਿਤ ਸੂਤਰਧਾਰ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਅਪਰਾਧੀ ਦੱਸੇ ਜਾ ਰਹੇ ਹਨ। ਸੁਪਰਡੈਂਟ ਆਫ਼ ਪੁਲਿਸ ਗੁਰਿੰਦਰਬੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਏਐੱਨਟੀਐੱਫ ਟੀਮ ਨੇ ਪਹਿਲੇ ਮਾਮਲੇ ਵਿੱਚ ਗੁਪਤ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਅਜੈ ਚੁੰਬਰ, ਵਾਸੀ ਮੋਲੀ ਫਗਵਾੜਾ ਅਤੇ ਸ਼ਰਨਦੀਪ ਸਿੰਘ ਉਰਫ਼ ਸੰਨੀ, ਵਾਸੀ ਨਿਹਾਲਗੜ੍ਹ ਨਵਾਂ ਪਿੰਡ ਫਗਵਾੜਾ ਨੂੰ ਕਾਬੂ ਕੀਤਾ। ਪੁਲਿਸ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ 5 ਕਿਲੋ 530 ਗ੍ਰਾਮ ਹੈਰੋਇਨ ਅਤੇ ਟੋਇਟਾ ਏਟੀਓਸ ਕਾਰ ਨੰਬਰ ਪੀਬੀ-10-ਡੀ.ਆਰ.-8501 ਬਰਾਮਦ ਕੀਤੀ।
ਇਸ ਸਬੰਧੀ ਥਾਣਾ ਏਐੱਨਟੀਐੱਫ ਐੱਸ.ਏ.ਐੱਸ. ਨਗਰ ਵਿਖੇ ਐੱਫਆਈਆਰ ਨੰਬਰ 182 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਡੀਐੱਸਪੀ ਪਿਰਥੀਪਾਲ ਸਿੰਘ ਦੀ ਨਿਗਰਾਨੀ ਹੇਠ ਕੀਤੀ ਗਈ ਪੁੱਛਗਿੱਛ ਦੌਰਾਨ ਪੁਲਿਸ ਨੂੰ ਜਾਣਕਾਰੀ ਮਿਲੀ ਕਿ ਇਸ ਨਸ਼ਾ ਤਸਕਰੀ ਨੈੱਟਵਰਕ ਨੂੰ ਕਥਿਤ ਤੌਰ ’ਤੇ ਨਵੀਂ ਜ਼ਿਲ੍ਹਾ ਜੇਲ੍ਹ ਨਾਭਾ ਵਿੱਚ ਬੰਦ ਦੋ ਹਵਾਲਾਤੀ ਚਲਾ ਰਹੇ ਸਨ। ਪੁਲਿਸ ਮੁਤਾਬਕ ਇਨ੍ਹਾਂ ਵਿੱਚ ਪ੍ਰਿੰਸ, ਜਿਸ ਖਿਲਾਫ਼ ਪਹਿਲਾਂ 9 ਮਾਮਲੇ ਦਰਜ ਹੋਣ ਦੀ ਜਾਣਕਾਰੀ ਹੈ, ਅਤੇ ਅਜੀਤ ਸਿੰਘ ਉਰਫ਼ ਹੈਪੀ, ਜਿਸ ਖਿਲਾਫ਼ 2 ਮਾਮਲੇ ਦਰਜ ਦੱਸੇ ਗਏ ਹਨ, ਸ਼ਾਮਲ ਹਨ। ਦੋਵਾਂ ਨੂੰ ਅਗਲੀ ਪੁੱਛਗਿੱਛ ਲਈ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦੇ ਜਾਣ ਦੀ ਕਾਰਵਾਈ ਕੀਤੀ ਜਾਵੇਗੀ। ਦੂਜੇ ਵੱਡੇ ਆਪ੍ਰੇਸ਼ਨ ਵਿੱਚ ਕੇਂਦਰੀ ਏਜੰਸੀ ਤੋਂ ਮਿਲੀ ਖੁਫ਼ੀਆ ਜਾਣਕਾਰੀ ਦੇ ਆਧਾਰ ’ਤੇ ਏਐੱਨਟੀਐੱਫ ਟੀਮ ਨੇ ਲੁਧਿਆਣਾ ਸ਼ਹਿਰ ਵਿੱਚ ਕਾਰਵਾਈ ਕੀਤੀ। ਪੁਲਿਸ ਅਨੁਸਾਰ ਟੀਮ ਨੇ ਮਹਿੰਦਰਾ ਥਾਰ ਵਿੱਚ ਸਵਾਰ ਰੋਹਿਤ, ਵਾਸੀ ਫ਼ਿਰੋਜ਼ਪੁਰ ਅਤੇ ਗੁਰਪ੍ਰੀਤ ਸਿੰਘ, ਵਾਸੀ ਕਪੂਰਥਲਾ ਦਾ ਪਿੱਛਾ ਕਰਕੇ ਉਨ੍ਹਾਂ ਨੂੰ ਕਾਬੂ ਕੀਤਾ। ਇਸ ਕਾਰਵਾਈ ਸਬੰਧੀ ਥਾਣਾ ਸਿਟੀ ਫ਼ਿਰੋਜ਼ਪੁਰ ਵਿੱਚ ਐੱਫਆਈਆਰ ਨੰਬਰ 285 ਦਰਜ ਕੀਤੀ ਗਈ।ਪੁਲਿਸ ਵੱਲੋਂ ਦੋਸ਼ੀਆਂ ਦੇ ਕਬਜ਼ੇ ਵਿੱਚੋਂ ਇੱਕ ਪਾਕਿਸਤਾਨੀ ਮਾਰਕਾ ਡੀ.ਆਰ.-1 9 ਐੱਮ.ਐੱਮ. ਪਿਸਤੌਲ ਅਤੇ ਇੱਕ .30 ਬੋਰ ਚਾਈਨੀਜ਼ ਮਾਰਕਾ ਪਿਸਤੌਲ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੁਲਿਸ ਰਿਮਾਂਡ ਦੌਰਾਨ 935 ਗ੍ਰਾਮ ਹੈਰੋਇਨ ਵੀ ਬਰਾਮਦ ਹੋਣ ਦੀ ਗੱਲ ਸਾਹਮਣੇ ਆਈ ਹੈ।
ਜਾਂਚ ਏਜੰਸੀ ਅਨੁਸਾਰ ਇਹ ਮਾਡਿਊਲ ਕਥਿਤ ਤੌਰ ’ਤੇ ਗੁਰਦਾਸਪੁਰ ਜੇਲ੍ਹ ਵਿੱਚ ਬੰਦ ਰਵਿੰਦਰ ਸਿੰਘ ਉਰਫ਼ ਰਵੀ ਅਤੇ ਅਖਿਲ ਸੱਭਰਵਾਲ ਉਰਫ਼ ਪ੍ਰਿੰਸ ਦੇ ਇਸ਼ਾਰਿਆਂ ’ਤੇ ਚੱਲ ਰਿਹਾ ਸੀ। ਰਵਿੰਦਰ ਸਿੰਘ ਨੂੰ ਫ਼ਿਰੋਜ਼ਪੁਰ ਦੇ ਤੀਹਰੇ ਕਤਲ ਕਾਂਡ ਦਾ ਮੁੱਖ ਮੁਲਜ਼ਮ ਦੱਸਿਆ ਗਿਆ ਹੈ। ਪੁਲਿਸ ਹੁਣ ਇਨ੍ਹਾਂ ਕਥਿਤ ਹੈਂਡਲਰਾਂ ਦੀ ਭੂਮਿਕਾ ਅਤੇ ਉਨ੍ਹਾਂ ਦੇ ਬਾਹਰ ਸਰਗਰਮ ਸਾਥੀਆਂ ਦੀ ਵੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।ਐੱਸਪੀ ਗੁਰਿੰਦਰਬੀਰ ਸਿੰਘ ਸਿੱਧੂ ਨੇ ਕਿਹਾ ਕਿ ਗ੍ਰਿਫ਼ਤਾਰ ਦੋਸ਼ੀਆਂ ਦਾ ਹੋਰ ਪੁਲਿਸ ਰਿਮਾਂਡ ਹਾਸਲ ਕਰਕੇ ਨਸ਼ਾ ਸਪਲਾਈ ਲੜੀ, ਹਥਿਆਰਾਂ ਦੇ ਸਰੋਤ, ਹਵਾਲਾ ਨੈੱਟਵਰਕ ਅਤੇ ਜੇਲ੍ਹਾਂ ਵਿੱਚ ਬੈਠੇ ਕਥਿਤ ਹੈਂਡਲਰਾਂ ਦੇ ਆਪਸੀ ਸੰਪਰਕਾਂ ਦੀ ਵਿਸਥਾਰ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਾਂਚ ਅੱਗੇ ਵਧਣ ਨਾਲ ਇਸ ਨੈੱਟਵਰਕ ਨਾਲ ਜੁੜੇ ਹੋਰ ਵਿਅਕਤੀਆਂ ਅਤੇ ਸੰਭਾਵਿਤ ਲਿੰਕਾਂ ਬਾਰੇ ਵੀ ਅਹਿਮ ਖ਼ੁਲਾਸੇ ਹੋਣ ਦੀ ਉਮੀਦ ਹੈ।ਏਐੱਨਟੀਐੱਫ ਦੀ ਇਸ ਸਾਂਝੀ ਕਾਰਵਾਈ ਨੂੰ ਨਸ਼ਾ ਅਤੇ ਗੈਰਕਾਨੂੰਨੀ ਹਥਿਆਰਾਂ ਦੇ ਨੈੱਟਵਰਕ ਖਿਲਾਫ਼ ਵੱਡੀ ਸਫਲਤਾ ਵਜੋਂ ਦੇਖਿਆ ਜਾ ਰਿਹਾ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਅਗਲੇ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਜਾਂ ਬਰਾਮਦਗੀਆਂ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਗਿਆ।
ਖ਼ਬਰਾਂ
6 ਕਿਲੋ 465 ਗ੍ਰਾਮ ਕਮਰਸ਼ੀਅਲ ਮਾਤਰਾ ਦੀ ਹੈਰੋਇਨ ਅਤੇ ਦੋ ਪਿਸਤੌਲਾਂ ਤੇ ਦੋ ਵਾਹਨਾਂ ਦੀ ਬਰਾਮਦਗੀ,ਜੇਲ੍ਹਾਂ ਵਿੱਚ ਬੈਠੇ ਕਥਿਤ ਹੈਂਡਲਰਾਂ ਦੇ ਇਸ਼ਾਰੇ ’ਤੇ ਚੱਲ ਰਿਹਾ ਸੀ ਨਸ਼ਾ ਤੇ ਹਥਿਆਰਾਂ ਦਾ ਨੈੱਟਵਰਕ
22 ਅਗਸਤ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



