***ਡਰੋਨਾਂ ਰਾਹੀਂ ਪਾਕਿਸਤਾਨ ਤੋਂ ਆ ਰਹੇ ਸਨ ਹਥਿਆਰ, ਵਿਦੇਸ਼ੀ ਸਮੱਗਲਰ ਨਾਲ ਜੁੜੇ ਤਾਰ

ਅੰਮ੍ਰਿਤਸਰ ਸਾਹਿਬ 28 ਮਈ (ਜਸ਼ਨ ) ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਪੁਲਿਸ ਨੇ ਸਰਹੱਦ ਪਾਰੋਂ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਇੱਕ ਮਾਡਿਊਲ ਦਾ ਪਰਦਾਫਾਸ਼ ਕਰਦਿਆਂ ਪੰਜ ਆਰੋਪੀਆਂ ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਨੇ ਆਰੋਪੀਆਂ ਕੋਲੋਂ 8 ਆਧੁਨਿਕ ਪਿਸਤੌਲ ਅਤੇ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਗ੍ਰਿਫ਼ਤਾਰ ਆਰੋਪੀ ਵਰਚੁਅਲ ਨੰਬਰਾਂ ਅਤੇ ਸੋਸ਼ਲ ਮੀਡੀਆ ਐਪਸ ਰਾਹੀਂ ਇੱਕ ਵਿਦੇਸ਼ੀ ਸਮੱਗਲਰ ਦੇ ਸੰਪਰਕ ਵਿੱਚ ਸਨ। ਇਹ ਮਾਡਿਊਲ ਡਰੋਨਾਂ ਰਾਹੀਂ ਪਾਕਿਸਤਾਨ ਤੋਂ ਹਥਿਆਰ ਅਤੇ ਨਸ਼ਿਆਂ ਦੀਆਂ ਖੇਪਾਂ ਮੰਗਵਾ ਕੇ ਪੰਜਾਬ ਦੇ ਅਪਰਾਧਿਕ ਤੱਤਾਂ ਤੱਕ ਪਹੁੰਚਾਉਂਦਾ ਸੀ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਕਾਰਵਾਈ ਦੌਰਾਨ ਚੀਨ ਅਤੇ ਪਾਕਿਸਤਾਨ ਵਿੱਚ ਬਣੇ ਕਈ ਆਧੁਨਿਕ ਪਿਸਤੌਲ ਬਰਾਮਦ ਹੋਏ ਹਨ। ਉਨ੍ਹਾਂ ਕਿਹਾ ਕਿ ਇਹ ਹਥਿਆਰ ਕਾਫ਼ੀ ਖ਼ਤਰਨਾਕ ਸਨ ਅਤੇ ਸਮੇਂ ਸਿਰ ਕਾਰਵਾਈ ਨਾਲ ਵੱਡੀਆਂ ਅਪਰਾਧਿਕ ਵਾਰਦਾਤਾਂ ਨੂੰ ਰੋਕਿਆ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਆਰੋਪੀਆਂ ਦੀ ਪਹਿਚਾਣ ਅਰਸ਼ਦੀਪ ਸਿੰਘ ਵਾਸੀ ਗੁਰੂ ਕੀ ਵਡਾਲੀ, ਮਨਪ੍ਰੀਤ ਸਿੰਘ ਮੰਨ ਵਾਸੀ ਭੈਣੀ, ਸੁਖਰਾਜ ਸਿੰਘ ਬਿੱਲਾ ਵਾਸੀ ਨਸ਼ਹਿਰਾ ਢਾਲਾ, ਰਾਹੁਲ ਗਿੱਲ ਅਤੇ ਅਰਸ਼ਦੀਪ ਸਿੰਘ ਵਾਸੀ ਕੰਗੜ ਵਜੋਂ ਹੋਈ ਹੈ। ਪੁਲਿਸ ਅਨੁਸਾਰ ਕਈ ਆਰੋਪੀਆਂ ਖ਼ਿਲਾਫ਼ ਪਹਿਲਾਂ ਵੀ ਐਨਡੀਪੀਐਸ ਅਤੇ ਹਥਿਆਰਾਂ ਨਾਲ ਸਬੰਧਤ ਮਾਮਲੇ ਦਰਜ ਹਨ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਸ ਪੂਰੇ ਨੈੱਟਵਰਕ ਨੂੰ ਵਿਦੇਸ਼ ਵਿੱਚ ਬੈਠਾ ਬਿਲਾਲ ਨਾਮਕ ਸਮੱਗਲਰ ਚਲਾ ਰਿਹਾ ਸੀ। ਡਰੋਨਾਂ ਰਾਹੀਂ ਅੰਤਰਰਾਸ਼ਟਰੀ ਸਰਹੱਦ ਤੋਂ ਹਥਿਆਰਾਂ ਦੀਆਂ ਖੇਪਾਂ ਭੇਜੀਆਂ ਜਾਂਦੀਆਂ ਸਨ, ਜਿਨ੍ਹਾਂ ਨੂੰ ਪੰਜਾਬ ਵਿੱਚ ਸਪਲਾਈ ਕੀਤਾ ਜਾਂਦਾ ਸੀ।
ਕਮਿਸ਼ਨਰ ਭੁੱਲਰ ਨੇ ਕਿਹਾ ਕਿ ਨੌਜਵਾਨਾਂ ਵਿੱਚ ਰਾਤੋਂ-ਰਾਤ ਅਮੀਰ ਬਣਨ ਦੀ ਲਾਲਸਾ ਕਾਰਨ ਉਹ ਅਜਿਹੇ ਗਿਰੋਹਾਂ ਨਾਲ ਜੁੜ ਰਹੇ ਹਨ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਐਂਟੀ ਗੈਂਗਸਟਰ ਅਤੇ ਐਂਟੀ ਨਾਰਕੋਟਿਕ ਮੁਹਿੰਮ ਤਹਿਤ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਜੋ ਪੰਜਾਬ ਵਿੱਚ ਅਪਰਾਧ ਅਤੇ ਗੈਂਗਸਟਰਵਾਦ ਨੂੰ ਰੋਕਿਆ ਜਾ ਸਕੇ।