ਫੋਟੋ(ਪ੍ਰਭਾਵਿਤ ਅਮਰਜੀਤ ਅਤੇ ਪਰਿਵਾਰ ਦੇ ਮੈਂਬਰ)******

ਮੋਗਾ,9 ਮਈ (ਜਸ਼ਨ ) ਮੋਗਾ ਜ਼ਿਲ੍ਹੇ ਦੇ ਪਿੰਡ ਚੱਕ ਤਾਰੇਵਾਲਾ ਦੇ ਮਹਿੰਦਰ ਸਿੰਘ ਦੇ ਪੁੱਤਰ ਅਮਰਜੀਤ ਸਿੰਘ ਨੂੰ ਪੱਕੇ ਤੌਰ ’ਤੇ ਅਮਰੀਕਾ ਭੇਜਣ ਦਾ ਲਾਰਾ ਲਾ ਕੇ ਟਰੈਵਲ ਏਜੰਟ ਵਲੋਂ ਹੋਰਨਾਂ ਨਾਲ ਕਥਿਤ ਮਿਲੀਭੁਗਤ ਕਰਕੇ 47 ਲੱਖ 87 ਹਜ਼ਾਰ ਰੁਪਏ ਠੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ਵਿਚ ਜਾਂਚ ਦੇ ਬਾਅਦ ਥਾਣਾ ਧਰਮਕੋਟ ਪੁਲਸ ਵਲੋਂ ਮਹਿੰਦਰ ਸਿੰਘ ਦੇ ਬਿਆਨਾਂ ’ਤੇ ਟਰੈਵਲ ਏਜੰਟ ਨਗਿੰਦਰ ਖੁੱਲਰ ਨਿਵਾਸੀ ਦਿਉਲ ਨਗਰ ਜਲੰਧਰ, ਸਾਬਕਾ ਥਾਣੇਦਾਰ ਕਾਕੂ ਸਿੰਘ ਨਿਵਾਸੀ ਰਾਜੇਵਾਲ ਸਾਹਕੋਟ ਅਤੇ ਮੰਗਲ ਸਿੰਘ ਨਿਵਾਸੀ ਰਾਮੇ ਤਾਰਪੁਰ ਸਾਹਕੋਟ ਦੇ ਖ਼ਿਲਾਫ਼ ਵੱਖ ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਕਮਾਲਕੇ ਪੁਲਸ ਚੌਂਕੀ ਦੇ ਇੰਚਾਰਜ ਸਹਾਇਕ ਥਾਣੇਦਾਰ ਗੁਰਪ੍ਰੀਤ ਸਿੰਘ ਵਲੋਂ ਕੀਤੀ ਜਾ ਰਹੀ ਹੈ। ਜ਼ਿਲਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਮਹਿੰਦਰ ਸਿੰਘ ਨੇ ਕਿਹਾ ਕਿ ਮੇਰਾ ਬੇਟਾ ਅਮਰਜੀਤ ਸਿੰਘ ਵਿਦੇਸ਼ ਜਾਣ ਦਾ ਚਾਹਵਾਨ ਸੀ, ਜਿਸ ’ਤੇ ਮੈਂ ਕਾਕੂ ਸਿੰਘ ਅਤੇ ਮੰਗਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਜਲੰਧਰ ਦਾ ਇਕ ਟਰੈਵਲ ਏਜੰਟ ਸਾਨੂੰ ਜਾਣਦਾ ਹੈ ਜੋ ਅਮਰਜੀਤ ਸਿੰਘ ਨੂੰ ਅਮਰੀਕਾ ਭੇਜ ਦੇਵੇਗਾ। ਇਸ ਦੌਰਾਨ ਕੁਝ ਦਿਨ ਬਾਅਦ ਤਿੰਨੋ ਵਿਅਕਤੀ ਸਾਡੇ ਘਰ ਆਏ ਅਤੇ ਕਿਹਾ ਕਿ ਉਹ ਫਿਲਮੀ ਸ਼ੂਟਿੰਗ ਵਿਚ ਤੁਹਾਡੇ ਬੇਟੇ ਨੂੰ ਅਮਰੀਕਾ ਭੇਜਣਗੇ ਅਤੇ ਵੀਜ਼ਾ ਵੀ ਇਕ ਨੰਬਰ ਵਿਚ ਹੋਵੇਗਾ। ਉਹ ਮੇਰੇ ਕੋਲੋਂ ਸਾਢੇ 4 ਲੱਖ ਰੁਪਏ ਨਗਦ ਅਤੇ ਪਾਸਪੋਰਟ ਲੈ ਗਏ। ਪਰ 2-3 ਮਹੀਨੇ ਬਾਅਦ ਜਦੋਂ ਮੈਂ ਉਨ੍ਹਾਂ ਨੂੰ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਉਹ ਤੁਹਾਡੇ ਬੇਟੇ ਨੂੰ ਤੁਰਕੀ ਤੋਂ ਅਮਰੀਕਾ ਦਾ ਵੀਜ਼ਾ ਲੈਕੇ ਦੇਣਗੇ ਅਤੇ ਉਨ੍ਹਾਂ 19 ਨਵੰਬਰ 2024 ਨੂੰ ਮੇਰੇ ਬੇਟੇ ਨੂੰ ਤੁਰਕੀ ਦਾ ਵੀਜ਼ਾ ਲਗਵਾ ਕੇ ਭੇਜ ਦਿੱਤਾ, ਪਰ ਉਥੋਂ ਉਸ ਨੂੰ ਡੌਂਕੀ ਰੂਟਾਂ ਜੰਗਲਾਂ ਰਾਹੀਂ ਭੇਜਣਾ ਸ਼ੁਰੂ ਕਰ ਦਿੱਤਾ ਅਤੇ ਸਾਡੀ ਕੋਈ ਗੱਲ ਨਾ ਸੁਣੀ। ਇਸ ਉਪਰੰਤ ਮੇਰੇ ਬੇਟੇ ਨੂੰ ਹੋਂਡਰੈਸ ਦੇਸ਼ ਵਿਚ ਲੈ ਗਏ ਅਤੇ ਉਥੇ ਉਹ 20 ਲੱਖ ਰੁਪਏ ਦੀ ਮੰਗ ਕਰਨ ਲੱਗ ਪਏ ਅਤੇ ਧਮਕੀ ਦਿੱਤੀ ਕਿ ਪੈਸੇ ਨਾ ਮਿਲਣ’ਤੇ ਤੁਹਾਡੇ ਬੇਟੇ ਨੂੰ ਮਾਰ ਦਿਆਂਗੇ। ਮੈਂ 3 ਨਵੰਬਰ 2024 ਨੂੰ 20 ਲੱਖ ਰੁਪਏ ਉਨ੍ਹਾਂ ਨੂੰ ਭੇਜ ਦਿੱਤੇ ਅਤੇ ਇਕ ਮਹੀਨੇ ਬਾਅਦ ਉਹ ਮੇਰੇ ਲੜਕੇ ਨੂੰ ਮੈਕਸੀਕੋ ਦੇ ਬਾਰਡਰ’ਤੇ ਲੈ ਗਏ ਅਤੇ 22 ਲੱਖ ਰੁਪਏ ਮੰਗੇ ਜੋ ਮੈਂ ਮਜ਼ਬੂਰੀਵੱਸ ਭੇਜ ਦਿੱਤੇ ਅਤੇ ਇਸ ਤੋਂ ਇਲਾਵਾ 2 ਲੱਖ ਰੁਪਏ ਗੂਗਲ ਪੇਅ ਵੀ ਕਰਵਾਏ। ਇਨ੍ਹਾਂ ਮੇਰੇ ਬੇਟੇ ਨੂੰ ਕੈਂਪ ਵਿਚ ਬੰਦ ਕਰਵਾ ਦਿੱਤਾ, ਜਿਸ ਨੂੰ ਅਮਰੀਕਾ ਦੀ ਪੁਲਸ ਨੇ ਹਿਰਾਸਤ ਵਿਚ ਲੈ ਲਿਆ ਅਤੇ ਇਕ ਸਾਲ ਅਮਰੀਕਾ ਦੀ ਜੇਲ ਵਿਚ ਰਹਿਣ ਦੇ ਬਾਅਦ 18 ਦਸੰਬਰ 2025 ਨੂੰ ਉਹ ਇੰਡੀਆ ਵਾਪਸ ਆਇਆ। ਇਸ ਤਰ੍ਹਾਂ ਟਰੈਵਲ ਏਜੰਟ ਅਤੇ ਦੂਸਰਿਆਂ ਨੇ ਕਥਿਤ ਮਿਲੀਭੁਗਤ ਕਰਕੇ ਸਾਡੇ ਨਾਲ 47 ਲੱਖ 87 ਹਜ਼ਾਰ ਰੁਪਏ ਦੀ ਠੱਗੀ ਕੀਤੀ ਹੈ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਕਥਿਤ ਮੁਲਜਮਾਂ ਨੂੰ ਕਾਬੂ ਕਰਨ ਦੇ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ, ਜਿਨ੍ਹਾਂ ਦੇ ਜਲਦੀ ਕਾਬੂ ਆ ਜਾਣ ਦੀ ਸੰਭਾਵਨਾਂ ਹੈ।