ਫਗਵਾੜਾ,26 ਅਗਸਤ ( ਜਸ਼ਨ ) ਅੱਜ ਰਾਜਨ ਆਈ ਕੇਅਰ , ਹਸਪਤਾਲ , ਫਗਵਾੜਾ ਵਿੱਚ ਮਿਸ਼ਨ " ਹਨੇਰੇ ਤੋਂ ਚਾਨਣ ਵੱਲ " ਅਧੀਨ 41 ਵੇਂ ਰਾਸ਼ਟਰੀ ਨੇਤਰਦਾਨ ਜਾਗਰੂਕਤਾ ਪੰਦਰਵਾੜੇ ਦੀ ਸ਼ੁਰੂਆਤ ਕੀਤੀ ਗਈ । ਡਾਕਟਰ ਰਾਜਨ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅੱਖਾਂ ਦਾਨ ਕੌਮੀ ਪੰਦਰਵਾੜਾ ਭਾਰਤ ਵਿੱਚ 25 ਅਗਸਤ ਤੋਂ 8 ਸਤੰਬਰ ਤੱਕ ਮਨਾਇਆ ਜਾਂਦਾ ਹੈ ।
ਉਹਨਾਂ ਨੇ ਇਸ ਮੌਕੇ ਪੰਜਾਬੀ ਭਾਈਚਾਰੇ ਨੂੰ ਅੱਖਾਂ ਦਾਨ ਦਾ ਪ੍ਣ ਲੈਣ ਲਈ ਬੇਨਤੀ ਕਰਦਿਆ ਕਿਹਾ ਕਿ ਸਾਡੀਆਂ ਅੱਖਾਂ ਮਰਨ ਤੋਂ ਬਾਅਦ ਵੀ 6-8 ਘੰਟੇ ਤੱਕ ਜਿਊਂਦੀਆਂ ਹੁੰਦੀਆਂ ਹਨ ਅਤੇ ਜੇਕਰ ਸਮੇਂ ਸਿਰ ਆਈ ਬੈਂਕ ਨੂੰ ਦਾਨ ਹੋ ਜਾਣ ਤਾਂ ਦੋ ਜਣਿਆਂ ਨੂੰ ਰੌਸ਼ਨੀ ਮਿਲ ਸਕਦੀ ਹੈ । ਉਹਨਾਂ ਕਿਹਾ ਕਿ ਅੱਖਾਂ ਦੀਆਂ ਪੁਤਲੀਆਂ ਦੇ ਟਰਾਂਸਪਲਾਂਟ ਲਈ ਬਲੱਡ ਗਰੁੱਪ ਦਾ ਮੈਚ ਹੋਣਾ ਜ਼ਰੂਰੀ ਨਹੀਂ ਹੁੰਦਾ । ਮਿਸ਼ਨ ਕੋਰਨੀਅਲ ਬਲਾਈਂਡਨੈਸ ਫੀ੍ ਵਰਡਲ ਦੇ ਇੰਟਰਨੈਸ਼ਨਲ ਕੋਆਰਡੀਨੇਟਰ ਸੀ੍ ਅਸ਼ੋਕ ਮਹਿਰਾ ਨੇ ਦੱਸਿਆ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਆਪਣੀ ਟੀਮ ਨਾਲ ਲੋਕਾਂ ਨੂੰ ਅੱਖਾਂ ਦਾਨ ਦੀ ਮੁਹਿੰਮ ਨਾਲ ਜੋੜਨ ਦਾ ਯਤਨ ਕਰ ਰਹੇ ਹਨ । ਸਾਡਾ ਸਮਾਜ ਪਿੱਛਲੇ ਦੋ ਦਹਾਕੇ ਤੋਂ ਅੱਖਾਂ ਦਾਨ ਪ੍ਤੀ ਬਹੁਤ ਜਾਗਰੂਕ ਹੋਇਆ ਹੈ ਅਤੇ ਉਹਨਾਂ ਦੀ ਟੀਮ ਇੱਕ ਲੱਖ ਤੋਂ ਵੱਧ ਲੋਕਾਂ ਨੂੰ ਅੱਖਾਂ ਦਾਨ ਦਾ ਪ੍ਣ ਕਰਵਾ ਕੇ 8000 ਦੇ ਲੱਗਭੱਗ ਅੱਖਾਂ ਦਾਨ ਕਰਵਾ ਚੁੱਕੇ ਹਨ । ਪਰ ਅਜੇ ਵੀ 11 ਲੱਖ ਲੋਕ ਪੁਤਲੀਆਂ ਦੀ ਬਿਮਾਰੀ ਨਾਲ ਨੇਤਰਹੀਣ ਹਨ ਅਤੇ ਹਰ ਸਾਲ 25000 ਦੇ ਕਰੀਬ ਨਵੇਂ ਕੇਸ ਆ ਰਹੇ ਹਨ ਜਿਹਨਾਂ ਦਾ ਇਲਾਜ਼ ਦਾਨ ਹੋਈਆਂ ਅੱਖਾਂ ਨਾਲ ਹੀ ਸੰਭਵ ਹੈ । ਉਹਨਾਂ ਕਿਹਾ ਕਿ ਅੱਖਾਂ ਦਾਨ ਦੀ ਸਲਾਨਾ ਦਰ ਲਗਭਗ 50-60 ਹਜ਼ਾਰ ਹੀ ਹੈ । ਇਸ ਮੌਕੇ ਤੇ ਉੱਘੇ ਸਮਾਜ ਸੇਵੀ ਅਤੇ ਬਲੱਡ ਬੈਂਕ ਫਗਵਾੜਾ ਦੇ ਸਾਬਕਾ ਪ੍ਧਾਨ ਮਲਕੀਅਤ ਸਿੰਘ ਰਘਬੋਤਰਾ ਵਲੋਂ ਵੀ ਲੋਕਾਂ ਨੂੰ ਅੱਖਾਂ ਦਾਨ ਦਾ ਪ੍ਣ ਲੈਣ ਲਈ ਬੇਨਤੀ ਕੀਤੀ ਗਈ । ਉਹਨਾਂ ਕਿਹਾ ਕਿ ਇੱਕ ਸਾਲ ਦੇ ਬੱਚੇ ਤੋਂ ਲੈਕੇ 80-90 ਸਾਲ ਦੇ ਬਜ਼ੁਰਗ ਦੀਆਂ ਅੱਖਾਂ ਵੀ ਮਰਨ ਤੋਂ ਬਾਅਦ ਦਾਨ ਹੋ ਸਕਦੀਆਂ ਹਨ । ਸਮਾਜ ਸੇਵਕ ਅਤੇ ਅੱਖ ਦਾਨ ਆਈ ਬੈਂਕ ਕੋਆਰਡੀਨੇਟਰ ਰਮਨ ਨਹਿਰਾ ਨੇ ਦੱਸਿਆ ਕਿ ਕਿਸੇ ਪਰਿਵਾਰ ਦੇ ਮੈਂਬਰ ਜਾਂ ਰਿਸ਼ਤੇਦਾਰ ਦੀ ਮੌਤ ਤੋਂ ਬਾਅਦ ਆਈ ਬੈਂਕ ਦੇ ਡਾਕਟਰ ਘਰ ਤੋਂ ਹੀ ਅੱਖਾਂ ਲੈ ਜਾਂਦੇ ਹਨ ਅਤੇ ਸਿਰਫ 20 ਕੁ ਮਿੰਟ ਦਾ ਸਮਾਂ ਲਗਦਾ ਹੈ । ਅੱਖਾਂ ਤੇ ਐਨਕਾਂ ਲੱਗੀਆਂ ਹੋਣ ਜਾਂ ਅੱਖਾਂ ਦਾ ਉਪਰੇਸ਼ਨ ਹੋਇਆ ਹੋਵੇ ਉਹ ਲੋਕ ਵੀ ਆਪਣੀਆਂ ਅੱਖਾਂ ਦਾਨ ਦਾ ਪ੍ਣ ਲੈ ਸਕਦੇ ਹਨ ।
ਅਸ਼ੋਕ ਮਹਿਰਾ ਜੀ ਨੇ ਦੱਸਿਆ ਕਿ ਇਸ ਪੰਦਰਵਾੜੇ ਦੌਰਾਨ ਰਾਜਨ ਆਈ ਕੇਅਰ ਹਸਪਤਾਲ ਦੇ ਸਹਿਯੋਗ ਨਾਲ ਸਕੂਲ ਦੇ ਵਿਦਿਆਰਥੀਆਂ ਦੇ ਅੱਖਾਂ ਦਾਨ- ਮਹਾਂ ਦਾਨ ਵਿਸ਼ੇ ਤੇ ਪੋਸਟਰ ਮੁਕਾਬਲੇ ਕਰਵਾਏ ਜਾਣਗੇ ਅਤੇ ਫਗਵਾੜਾ ਦੇ ਅੱਖ ਦਾਨੀ ਪਰਿਵਾਰਾਂ ਲਈ ਸਨਮਾਨ ਸਮਾਰੋਹ ਵੀ ਕੀਤਾ ਜਾਵੇਗਾ । ਡਾਕਟਰ ਰਾਜਨ ਨੇ ਦੱਸਿਆ ਕਿ ਅੱਖਾਂ ਦਾਨ ਦਾ ਪ੍ਣ ਲੈਣ ਵਾਲੇ ਚਾਹਵਾਨ ਲੋਕ ਰਾਜਨ ਆਈ ਕੇਅਰ ਹਸਪਤਾਲ ਫਗਵਾੜਾ ਵਿੱਚ ਅੱਖਾਂ ਦਾਨ ਦਾ ਪ੍ਣ ਲੈਕੇ ਆਪਣਾ ਆਈ ਡੋਨਰ ਕਾਰਡ ਬਣਾ ਸਕਦੇ ਹਨ l ਇਸ ਮੌਕੇ ਰਾਹੁਲ ਬੰਗਾ ਜੀ ਅਤੇ ਹਸਪਤਾਲ ਦਾ ਸਟਾਫ਼ ਵੀ ਹਾਜ਼ਰ ਸੀ ।