ਜ਼ੀਰਾ (ਤੀਰਥ ਸਨੇਰ): ਨਸ਼ਿਆਂ ਅਤੇ ਗੈਰ-ਕਾਨੂੰਨੀ ਹਥਿਆਰਾਂ ਖ਼ਿਲਾਫ਼ ਵਿੱਢੀ ਮੁਹਿੰਮ ਅਧੀਨ ਫ਼ਿਰੋਜ਼ਪੁਰ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਕਾਊਂਟਰ ਇੰਟੈਲੀਜੈਂਸ ਵਿੱਚ ਤਾਇਨਾਤ ਰਹੇ ਇੰਸਪੈਕਟਰ ਬਲਦੇਵ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨੂੰ ਪੁਲਿਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਦੋਸ਼ੀ ਇੰਸਪੈਕਟਰ ਦੇ ਕਬਜ਼ੇ ਵਿੱਚੋਂ 3 ਕਿਲੋ 350 ਗ੍ਰਾਮ ਹੈਰੋਇਨ, 6 ਪਿਸਤੌਲ, 4 ਅਡੀਸ਼ਨਲ ਮੈਗਜ਼ੀਨ, 17 ਜ਼ਿੰਦਾ ਕਾਰਤੂਸ, 6 ਮੋਬਾਈਲ ਫੋਨ ਅਤੇ ਇੱਕ i20 ਕਾਰ ਬਰਾਮਦ ਕੀਤੀ ਗਈ ਹੈ। ਪੁਲਿਸ ਮੁਤਾਬਕ 25 ਸਤੰਬਰ ਨੂੰ ਥਾਣਾ ਘੱਲ ਖ਼ੁਰਦ ਦੇ ਮੁੱਖ ਅਫ਼ਸਰ (ਐੱਸ.ਐੱਚ.ਓ.) ਨੂੰ ਵਿਸ਼ੇਸ਼ ਸੂਚਨਾ ਮਿਲੀ ਸੀ ਕਿ ਇੰਸਪੈਕਟਰ ਬਲਦੇਵ ਸਿੰਘ ਆਪਣੀ ਆਈ20 ਕਾਰ ਨੰਬਰ ਪੀਬੀ-05-ਏਸੀ-6517 ਵਿਚ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਅਤੇ ਗੈਰ-ਕਾਨੂੰਨੀ ਹਥਿਆਰ ਲੈ ਕੇ ਲੰਘ ਰਿਹਾ ਹੈ। ਪ੍ਰਾਪਤ ਇਤਲਾਹ ਦੇ ਆਧਾਰ 'ਤੇ ਪੁਲਿਸ ਟੀਮ ਵੱਲੋਂ ਤੁਰੰਤ ਨਾਕੇਬੰਦੀ ਕੀਤੀ ਗਈ। ਜਿਵੇਂ ਹੀ ਉਕਤ ਕਾਰ ਉੱਥੋਂ ਲੰਘੀ, ਪੁਲਿਸ ਨੇ ਉਸ ਨੂੰ ਘੇਰ ਕੇ ਰੋਕ ਲਿਆ ਅਤੇ ਇੰਸਪੈਕਟਰ ਬਲਦੇਵ ਸਿੰਘ ਨੂੰ ਹਿਰਾਸਤ ਵਿੱਚ ਲੈ ਲਿਆ। ਕਾਰ ਦੀ ਕਾਨੂੰਨ ਮੁਤਾਬਕ ਕੀਤੀ ਗਈ ਬਾਰੀਕੀ ਨਾਲ ਤਲਾਸ਼ੀ ਦੌਰਾਨ ਉਸ ਵਿੱਚੋਂ 3 ਕਿਲੋ 350 ਗ੍ਰਾਮ ਹੈਰੋਇਨ, 6 ਪਿਸਤੌਲ (ਮੈਗਜ਼ੀਨਾਂ ਸਮੇਤ), 4 ਹੋਰ ਮੈਗਜ਼ੀਨ, 17 ਜ਼ਿੰਦਾ ਕਾਰਤੂਸ ਅਤੇ 6 ਮੋਬਾਈਲ ਫੋਨ ਬਰਾਮਦ ਹੋਏ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਨਸ਼ੀਲੇ ਪਦਾਰਥ, ਹਥਿਆਰ ਅਤੇ ਕਾਰ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਇਸ ਮਾਮਲੇ ਸਬੰਧੀ ਥਾਣਾ ਘੱਲ ਖ਼ੁਰਦ ਵਿਖੇ ਐੱਫ.ਆਈ.ਆਰ. ਨੰਬਰ 132, ਮਿਤੀ 26 ਸਤੰਬਰ 2026 ਦਰਜ ਕੀਤੀ ਗਈ ਹੈ। ਇਹ ਮਾਮਲਾ ਐੱਨ.ਡੀ.ਪੀ.ਐੱਸ. ਐਕਟ ਦੀ ਧਾਰਾ 21 ਅਤੇ ਆਰਮਜ਼ ਐਕਟ ਦੀਆਂ ਧਾਰਾਵਾਂ 25/27 ਅਧੀਨ ਦਰਜ ਕੀਤਾ ਗਿਆ ਹੈ। ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਵੱਲੋਂ ਇੰਸਪੈਕਟਰ ਬਲਦੇਵ ਸਿੰਘ ਕੋਲੋਂ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਜਾਂਚ ਦੌਰਾਨ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਬਰਾਮਦ ਹੋਈ ਹੈਰੋਇਨ ਅਤੇ ਹਥਿਆਰਾਂ ਦੀ ਇਹ ਵੱਡੀ ਖੇਪ ਕਿੱਥੋਂ ਲਿਆਂਦੀ ਗਈ ਸੀ ਅਤੇ ਇਸ ਤਸਕਰੀ ਨੈੱਟਵਰਕ ਨਾਲ ਹੋਰ ਕਿਹੜੇ-ਕਿਹੜੇ ਵਿਅਕਤੀ ਜਾਂ ਅਧਿਕਾਰੀ ਜੁੜੇ ਹੋਏ ਹਨ। ਫਿਲਹਾਲ ਪੁਲਿਸ ਦੀ ਅਗਲੇਰੀ ਜਾਂਚ ਜਾਰੀ ਹੈ ਅਤੇ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ ’ਤੇ ਹੋਰ ਸਖ਼ਤ ਕਾਰਵਾਈ ਕੀਤੀ ਜਾਵੇਗੀ।