ਮੋਗਾ 21 ਮਈ (ਹਰਦੀਪ ਸਿੰਘ /ਲਛਮਣਜੀਤ ਸਿੰਘ ਪੁਰਬਾ) ਸਰਕਾਰੀ ਨਸ਼ਾ ਮੁਕਤੀ ਕੇਂਦਰ ਜਨੇਰ ਵਿੱਚੋਂ 31 ਨਸ਼ੇੜੀ ਸੁਰੱਖਿਆ ਮੁਲਾਜ਼ਮਾਂ ਨਾਲ ਧੱਕਾ-ਮੁੱਕੀ ਅਤੇ ਮਾਰਕੁਟਾਈ ਕਰਦੇ ਹੋਏ ਫ਼ਰਾਰ ਹੋ ਗਏ। ਭੱਜਣ ਵਾਲੇ ਸਾਰੇ ਹੀ ਨਸ਼ੇੜੀ ਕੇਂਦਰ ਵਿੱਚ ‘ਨਸ਼ੇ ਤੋਂ ਮੁਕਤ’ ਹੋਣ ਲਈ ਆਪਣਾ ਇਲਾਜ ਕਰਵਾ ਰਹੇ ਸਨ। ਸੂਚਨਾ ਮੁਤਾਬਿਕ ਕੁਝ ਦਿਨ ਪਹਿਲਾਂ ਹੀ ਪੁਲੀਸ ਨੇ ਵੱਖ-ਵੱਖ ਗੰਭੀਰ ਮਾਮਲਿਆਂ ਦਾ ਸਾਹਮਣਾ ਕਰ ਰਹੇ ਦੋ ਨਸ਼ੇੜੀਆਂ ਨੂੰ ਇਸ ਕੇਂਦਰ ਵਿੱਚ ਭਰਤੀ ਕਰਵਾਇਆ ਸੀ। ਇਨ੍ਹਾਂ ਦੋਵਾਂ ਨੇ ਹੀ ਬਾਕੀ ਨਸ਼ੇੜੀਆਂ ਨੂੰ ਉੱਥੋਂ ਭੱਜਣ ਲਈ ਉਕਸਾਇਆ।
ਘਟਨਾ ਦੌਰਾਨ ਦੇਰ ਰਾਤ ਅੱਠ ਵਜੇ ਦੇ ਕਰੀਬ ਕੇਂਦਰ ਦੇ ਅੰਦਰ ਜ਼ੋਰਦਾਰ ਸ਼ੋਰ-ਸ਼ਰਾਬਾ ਸੁਣਾਈ ਦਿੱਤਾ। ਰੌਲਾ ਸੁਣ ਕੇ ਜਦੋਂ ਸੁਰੱਖਿਆ ਲਈ ਤਾਇਨਾਤ ਪੁਲੀਸ ਅਤੇ ਪ੍ਰਾਈਵੇਟ ਸੁਰੱਖਿਆ ਮੁਲਾਜ਼ਮਾਂ ਨੇ ਅੰਦਰਲਾ ਗੇਟ ਖੋਲ੍ਹਿਆ, ਤਾਂ ਵੱਡੀ ਗਿਣਤੀ ਵਿੱਚ ਨਸ਼ੇੜੀਆਂ ਨੇ ਸੁਰੱਖਿਆ ਮੁਲਾਜ਼ਮਾਂ ਉੱਤੇ ਹੱਲਾ ਬੋਲ ਦਿੱਤਾ। ਇਸੇ ਅਫਰਾ-ਤਫਰੀ ਦੌਰਾਨ 31 ਨਸ਼ੇੜੀ ਉੱਥੋਂ ਭੱਜ ਨਿਕਲੇ। ਕੇਂਦਰ ਦੇ ਅਮਲੇ ਨੇ ਇਸ ਦੀ ਸੂਚਨਾ ਤੁਰੰਤ ਪੁਲੀਸ ਅਤੇ ਉੱਚ ਅਧਿਕਾਰੀਆਂ ਨੂੰ ਦਿੱਤੀ।ਪੁਲਿਸ ਉਨ੍ਹਾਂ ਦੀ ਭਾਲ ਕਰ ਰਹੀ ਹੈ, ਉਨ੍ਹਾਂ ਦੇ ਪਰਿਵਾਰਾਂ ਨਾਲ ਗੱਲ ਕਰ ਰਹੀ ਹੈ, ਅਤੇ ਕੁਝ ਨੂੰ ਵਾਪਸ ਲਿਆਂਦਾ ਜਾ ਰਿਹਾ ਹੈ।
'ਅੰਤਰਰਾਸ਼ਟਰੀ ਪੰਜਾਬੀ ਨਿਊਜ਼'ਦੇ ਪ੍ਰਤੀਨਿਧ ਮੁਤਾਬਿਕ ਘਟਨਾ ਦੇ ਸਮੇਂ ਕੇਂਦਰ ਵਿੱਚ ਕੁੱਲ 98 ਮਰੀਜ਼ ਭਰਤੀ ਸਨ। ਪੁਲੀਸ ਵੱਲੋਂ ਗੰਭੀਰ ਮਾਮਲਿਆਂ ਵਿੱਚ ਨਾਮਜ਼ਦ ਕਾਬੂ ਕੀਤੇ ਦੋਸ਼ੀਆਂ ਨੂੰ ਨਸ਼ਾ ਮੁਕਤ ਕੇਂਦਰ ਵਿੱਚ ਭਰਤੀ ਕਰਵਾਉਣਾ ਕਈ ਤਰ੍ਹਾਂ ਦੇ ਸ਼ੱਕ (ਸਵਾਲ) ਪੈਦਾ ਕਰਦਾ ਹੈ। ਥਾਣਾ ਮੁਖੀ ਮੁਤਾਬਿਕ ਹੁਣ ਕੇਂਦਰ ਦੀ ਸੁਰੱਖਿਆ ਦਾ ਨਵੇਂ ਸਿਰੇ ਤੋਂ ਮੁਲਾਂਕਣ ਕੀਤਾ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਮੋਗਾ ਜਨੇਰ ਨਸ਼ਾ ਛੁਡਾਊ ਕੇਂਦਰ ਵਿੱਚ ਸਾਰੀਆਂ ਸਹੂਲਤਾਂ ਉਪਲਬਧ ਹਨ।
ਸਟੇਸ਼ਨ ਮੁਖੀ ਸੁਨੀਤਾ ਰਾਣੀ ਨੇ ਕਿਹਾ ਕਿ ਜਾਂਚ ਜਾਰੀ ਹੈ।
ਥਾਣਾ ਕੋਟ ਈਸੇ ਖਾਂ ਦੇ ਮੁੱਖੀ ਇੰਸਪੈਕਟਰ ਸੁਨੀਤਾ ਬਾਵਾ ਨੇ ਇਸ ਮਾਮਲੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪੁਲੀਸ ਨੇ ਸਾਰੇ ਮਾਮਲੇ ਦੀ ਜਾਂਚ ਆਰੰਭ ਦਿੱਤੀ ਹੈ ਅਤੇ ਭੱਜਣ ਵਾਲੇ ਸਾਰੇ ਨਸ਼ੇੜੀਆਂ ਨੂੰ ਕਾਬੂ ਕਰਨ ਲਈ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਫ਼ਰਾਰ ਹੋਣ ਲਈ ਉਕਸਾਉਣ ਵਾਲੇ ਉਕਤ ਦੋਵਾਂ ਨਸ਼ੇੜੀਆਂ ਵਿਰੁੱਧ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਇਸ ਮਾਮਲੇ ਵਿੱਚ ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸਾਗਰ ਸੇਤੀਆ ਵੱਲੋਂ ਤੱਥ ਖੋਜ ਕਮੇਟੀ ਦਾ ਗਠਨ ਕੀਤਾ ਗਿਆ ਹੈ ।
ਇਸ ਘਟਨਾ ਅਤੇ ਮਾਮਲੇ ਦੀ ਗੰਭੀਰਤਾ ਤੇ ਸੰਵੇਦਨਸ਼ੀਲਤਾ ਨੂੰ ਵਿਚਾਰਦੇ ਹੋਏ ਡਿਪਟੀ ਕਮਿਸ਼ਨਰ ਮੋਗਾ ਸ਼੍ਰੀ ਸਾਗਰ ਸੇਤੀਆ ਨੇ ਤੱਥ-ਖੋਜ ਕਮੇਟੀ ਗਠਿਤ ਕਰ ਦਿੱਤੀ ਗਈ ਹੈ। ਇਸ ਕਮੇਟੀ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜਨਰਲ), ਪੁਲਿਸ ਸੁਪਰਡੈਂਟ (ਹੈੱਡਕੁਆਰਟਰ) ,ਡਿਪਟੀ ਮੈਡੀਕਲ ਕਮਿਸ਼ਨਰ ਨੂੰ ਸ਼ਾਮਿਲ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਸ਼੍ਰੀ ਸਾਗਰ ਸੇਤੀਆ ਨੇ ਦੱਸਿਆ ਕਿ ਉਪਰੋਕਤ ਕਮੇਟੀ ਨੂੰ ਮਾਮਲੇ ਦੀ ਵਿਸਥਾਰਪੂਰਵਕ ਅਤੇ ਗਹਿਰਾਈ ਨਾਲ ਜਾਂਚ ਕਰਨ, ਘਟਨਾ ਨਾਲ ਸੰਬੰਧਿਤ ਸਾਰੇ ਤੱਥਾਂ ਅਤੇ ਪਰਿਸਥਿਤੀਆਂ ਦੀ ਜਾਂਚ ਕਰਨ ਅਤੇ ਇਸ ਲਈ ਜ਼ਿੰਮੇਵਾਰੀ ਨਿਰਧਾਰਤ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਉਹਨਾਂ ਕਿਹਾ ਕਿ ਇਹ ਕਮੇਟੀ ਆਪਣੀ ਤੱਥ-ਖੋਜ ਰਿਪੋਰਟ ਵਿਸ਼ੇਸ਼ ਸਿਫ਼ਾਰਸ਼ਾਂ ਸਮੇਤ ਉਹਨਾਂ ਨੂੰ 22 ਮਈ 2026 ਤੱਕ ਜਮ੍ਹਾਂ ਕਰਵਾਏਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਘਟਨਾ ਸੰਬੰਧਤ ਅਧਿਕਾਰੀਆਂ ਵੱਲੋਂ ਗੰਭੀਰ ਲਾਪਰਵਾਹੀ ਨੂੰ ਦਰਸਾਉਂਦੀ ਹੈ ਇਸ ਲਈ ਇਸ ਦੀ ਜਾਂਚ ਕਰਵਾਉਣ ਦੀ ਆਦੇਸ਼ ਜਾਰੀ ਕੀਤੇ ਗਏ ਹਨ।ਉਹਨਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਇਸ ਘਟਨਾ ਦੇ ਸਾਰੇ ਤੱਥਾਂ ਨੂੰ ਬਰੀਕੀ ਨਾਲ ਜਾਂਚ ਕਰੇਗਾ ਅਤੇ ਇਸਦੇ ਬਣਦੇ ਦੋਸ਼ੀਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।n




