ਜ਼ੀਰਾ 8 ਅਕਤੂਬਰ (ਤੀਰਥ ਸਨ੍ਹੇਰ): ਥਾਣਾ ਮਖੂ ਦੀ ਪੁਲਿਸ ਨੇ ਨਜਾਇਜ਼ ਹਥਿਆਰਾਂ ਨਾਲ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿਚ ਘੁੰਮ ਰਹੇ ਤਿੰਨ ਵਿਅਕਤੀਆਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਕਬਜ਼ੇ ’ਚੋਂ ਨਜਾਇਜ਼ ਅਸਲਾ, ਜਿੰਦਾ ਕਾਰਤੂਸ ਅਤੇ ਇਕ ਮੋਟਰਸਾਈਕਲ ਬਰਾਮਦ ਕਰਕੇ ਉਨ੍ਹਾਂ ਖਿਲਾਫ ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਹਾਇਕ ਸਬ-ਇੰਸਪੈਕਟਰ ਵਿਕਰਮਜੀਤ ਸਿੰਘ ਲੇ ਦੱਸਿਆ ਕਿ ਉਸ ਦੀ ਅਗਵਾਈ ’ਚ ਪੁਲਿਸ ਪਾਰਟੀ ਇਲਾਕੇ ਵਿਚ ਗਸ਼ਤ ਕਰ ਰਹੀ ਸੀ। ਜਦੋਂ ਪੁਲਿਸ ਟੀਮ ਰੇਲਵੇ ਫਾਟਕ ਕੋਲ ਪੁੱਜੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਸਾਹਿਲ ਉਰਫ਼ ਧਾਪ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਨਿਜ਼ਾਮਦੀਨ ਵਾਲਾ, ਸੰਦੀਪ ਕੁਮਾਰ ਪੁੱਤਰ ਵੰਜੀਰ ਅਤੇ ਸੰਦੀਪ ਉਰਫ਼ ਮਿੰਠੂ ਪੁੱਤਰ ਨਿੰਦਰ ਦੋਵੇਂ ਵਾਸੀ ਪਿੰਡ ਤਲਵੰਡੀ ਨਿਪਾਲਾ ਕੋਲ ਭਾਰੀ ਨਜਾਇਜ਼ ਹਥਿਆਰ ਹਨ। ਇਹ ਤਿੰਨੋਂ ਮੁਲਜ਼ਮ ਜੋੜੀਆਂ ਨਹਿਰਾਂ ਦੀ ਲਹਿੰਦੇ ਪਾਸੇ ਵਾਲੀ ਪੱਟੜੀ ਰਾਹੀਂ ਬੂਟੇਵਾਲਾ ਤੋਂ ਮਖੂ ਵੱਲ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਨੀਅਤ ਨਾਲ ਆ ਰਹੇ ਹਨ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਨੇ ਛਾਪੇਮਾਰੀ ਕਰਦਿਆਂ ਤਿੰਨਾਂ ਮੁਲਜ਼ਮਾਂ ਨੂੰ ਮੌਕੇ ’ਤੇ ਹੀ ਕਾਬੂ ਕਰਕੇ ਤਲਾਸ਼ੀ ਲਈ ਤਾਂ ਉਨ੍ਹਾਂ ਦੇ ਕਬਜ਼ੇ ’ਚੋਂ 32 ਬੋਰ ਦੇ 3 ਪਿਸਤੌਲ ਸਮੇਤ ਮੈਗਜ਼ੀਨ, 20 ਜਿੰਦਾ ਰੌਂਦ ਕਾਰਤੂਸ ਅਤੇ ਇਕ ਸਪਲੈਂਡਰ ਮੋਟਰਸਾਈਕਲ ਨੰਬਰ ਪੀਬੀ-05 ਏ.ਏ 1281 ਬਰਾਮਦ ਹੋਇਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੇ ਉਕਤ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਮੁਲਜ਼ਮਾਂ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਹ ਹਥਿਆਰ ਕਿੱਥੋਂ ਲਿਆਂਦੇ ਗਏ ਸਨ ਅਤੇ ਕਿਸ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਸੀ।