ਫਤਿਹਗੜ੍ਹ ਸਾਹਿਬ, 10 ਮਈ (ਜਸ਼ਨ): ਫਤਿਹਗੜ੍ਹ ਸਾਹਿਬ ਦੇ ਨੇੜੇ ਪਿੰਡ ਹਿੰਦੂਪੁਰ ਕੋਲ ਸ਼ਨੀਵਾਰ ਦੇਰ ਰਾਤ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਤਿੰਨ ਮੋਟਰਸਾਈਕਲ ਸਵਾਰਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਤਿੰਨੋਂ ਵਿਅਕਤੀ ਕੰਮ ਤੋਂ ਬਾਅਦ ਆਪਣੇ ਪਿੰਡ ਬੀਬੀਪੁਰ ਵਾਪਸ ਆ ਰਹੇ ਸਨ ਕਿ ਇਸ ਦੌਰਾਨ ਇੱਕ ਤੇਜ਼ ਰਫ਼ਤਾਰ ਸਕਾਰਪੀਓ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ।
ਟੱਕਰ ਇੰਨੀ ਭਿਆਨਕ ਸੀ ਕਿ ਤਿੰਨੋਂ ਸੜਕ ‘ਤੇ ਡਿੱਗ ਕੇ ਗੰਭੀਰ ਜ਼ਖਮੀ ਹੋ ਗਏ ਅਤੇ ਮੌਕੇ ‘ਤੇ ਹੀ ਉਨ੍ਹਾਂ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਸਕਾਰਪੀਓ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ।ਪੁਲਿਸ ਸੀ ਸੀ ਟੀ ਵੀ ਕੈਮਰੇ ਖੰਗਾਲ ਰਹੀ ਹੈ।
ਬਡਾਲੀ ਆਲਾ ਸਿੰਘ ਥਾਣੇ ਦੇ ਏਐਸਆਈ ਰਾਮ ਸਿੰਘ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਅਵਤਾਰ ਸਿੰਘ, ਸਤਵਿੰਦਰ ਸਿੰਘ ਅਤੇ ਮੋਹਨ ਸਿੰਘ ਵਜੋਂ ਹੋਈ ਹੈ। ਤਿੰਨੋਂ ਦੀ ਉਮਰ 45 ਤੋਂ 55 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ ਅਤੇ ਉਹ ਵਿਆਹੇ ਹੋਏ ਸਨ।
ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਫ਼ਰਾਰ ਸਕਾਰਪੀਓ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ
ਇੱਕੋ ਪਿੰਡ ਦੇ ਤਿੰਨ ਘਰਾਂ ਦੇ ਚਿਰਾਗ ਬੁੱਝ ਜਾਣ ਕਾਰਨ ਪਿੰਡ ਬੀਬੀਪੁਰ ਵਿੱਚ ਮਾਤਮ ਦਾ ਮਾਹੌਲ ਹੈ। ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ, ਜਦਕਿ ਪੂਰਾ ਇਲਾਕਾ ਇਸ ਭਿਆਨਕ ਘਟਨਾ ਕਾਰਨ ਦੁਖੀ ਹੈ ।