ਮੋਗਾ, 10 ਅਕਤੂਬਰ (ਜਸ਼ਨ ) ਥਾਣਾ ਬਾਘਾ ਪੁਰਾਣਾ ਅਧੀਨ ਪੈਂਦੇ ਪਿੰਡ ਸਮਾਧ ਭਾਈ ਦੇ ਵਸਨੀਕ ਭੋਲਾ ਸਿੰਘ ਬਰਾੜ ਨੇ ਆਪਣੇ ਹੀ ਪਿੰਡ ਦੇ ਇੱਕ ਵਿਅਕਤੀ ’ਤੇ ਉਸ ਦੇ ਕੈਨੇਡਾ ਗਏ ਪੁੱਤਰ ਨੂੰ ਪੀ.ਆਰ. (ਪਰਮਾਨੈਂਟ ਰੈਜ਼ੀਡੈਂਸੀ) ਦਿਵਾਉਣ ਦਾ ਝਾਂਸਾ ਦੇ ਕੇ 28 ਲੱਖ ਰੁਪਏ ਹੜੱਪਣ ਦੇ ਦੋਸ਼ ਲਗਾਏ ਹਨ। ਪੁਲਸ ਵੱਲੋਂ ਜਾਂਚ ਤੋਂ ਬਾਅਦ ਕਥਿਤ ਮੁਲਜ਼ਮ ਜਗਤਾਰ ਸਿੰਘ ਵਾਸੀ ਪਿੰਡ ਸਮਾਧ ਭਾਈ ਖ਼ਿਲਾਫ਼ ਥਾਣਾ ਬਾਘਾਪੁਰਾਣਾ ਵਿਚ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਜਗਤਾਰ ਸਿੰਘ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜ਼ਿਲਾ ਪੁਲਸ ਮੁਖੀ ਨੂੰ ਦਿੱਤੀ ਸ਼ਿਕਾਇਤ ਵਿਚ ਭੋਲਾ ਸਿੰਘ ਬਰਾੜ ਨੇ ਕਿਹਾ ਕਿ ਉਸ ਦਾ ਪੁੱਤਰ ਵਰਿੰਦਰ ਸਿੰਘ ਸਟੱਡੀ ਵੀਜ਼ੇ ’ਤੇ ਕੈਨੇਡਾ ਗਿਆ ਹੋਇਆ ਹੈ। ਕਥਿਤ ਮੁਲਜ਼ਮ ਨੇ ਉਸ ਦੇ ਪੁੱਤਰ ਨੂੰ ਕੈਨੇਡਾ ਵਿਚ ਪੀ.ਆਰ. ਦਿਵਾਉਣ ਦਾ ਝਾਂਸਾ ਦੇ ਕੇ ਉਸ ਕੋਲੋਂ 28 ਲੱਖ ਰੁਪਏ ਲੈ ਲਏ। ਸ਼ਿਕਾਇਤਕਰਤਾ ਅਨੁਸਾਰ ਜਦੋਂ ਉਸ ਦੇ ਪੁੱਤਰ ਨੂੰ ਕੈਨੇਡਾ ਵਿਚ ਪੀ.ਆਰ. ਨਹੀਂ ਮਿਲੀ ਤਾਂ ਦੋਵਾਂ ਧਿਰਾਂ ਵਿਚਕਾਰ ਹੋਏ ਸਮਝੌਤੇ ਅਨੁਸਾਰ ਕਥਿਤ ਮੁਲਜ਼ਮ ਨੇ ਇੱਕ ਰਿਹਾਇਸ਼ੀ ਮਕਾਨ, ਦੁਕਾਨਾਂ ਅਤੇ ਇੱਕ ਪਲਾਟ ਦਾ ਜ਼ੁਬਾਨੀ ਤੌਰ ’ਤੇ ਸੌਦਾ ਕੀਤਾ ਸੀ। ਭੋਲਾ ਸਿੰਘ ਬਰਾੜ ਨੇ ਦੋਸ਼ ਲਾਇਆ ਕਿ ਜਦੋਂ ਉਸ ਦੇ ਪੁੱਤਰ ਨੂੰ ਕੈਨੇਡਾ ਵਿਚ ਪੀ.ਆਰ. ਨਹੀਂ ਮਿਲੀ ਤਾਂ ਉਸ ਨੇ ਪਲਾਟ ਵਿਚ ਕੰਧ ਕੱਢ ਦਿੱਤੀ ਅਤੇ ਜਗਤਾਰ ਸਿੰਘ ਨੂੰ ਜਗ੍ਹਾ ਦੀ ਰਜਿਸਟਰੀ ਕਰਵਾਉਣ ਲਈ ਕਿਹਾ। ਪਰ ਕਥਿਤ ਮੁਲਜ਼ਮ ਨੇ ਰਜਿਸਟਰੀ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਦੋਵਾਂ ਧਿਰਾਂ ਵਿਚਕਾਰ ਪੰਚਾਇਤੀ ਤੌਰ ’ਤੇ ਵੀ ਫ਼ੈਸਲਾ ਹੋਇਆ ਸੀ, ਪਰ ਕਥਿਤ ਮੁਲਜ਼ਮ ਉਸ ਫ਼ੈਸਲੇ ਤੋਂ ਵੀ ਮੁੱਕਰ ਗਿਆ ਅਤੇ 28 ਲੱਖ ਰੁਪਏ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਇਸ ਤਰ੍ਹਾਂ ਜਗਤਾਰ ਸਿੰਘ ਨੇ ਉਸ ਨਾਲ ਧੋਖਾਧੜੀ ਕੀਤੀ ਹੈ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜ਼ਿਲਾ ਪੁਲਸ ਮੁਖੀ ਦੇ ਹੁਕਮਾਂ ’ਤੇ ਇਸ ਦੀ ਜਾਂਚ ਡੀ.ਐੱਸ.ਪੀ. ਬਾਘਾਪੁਰਾਣਾ ਵੱਲੋਂ ਕੀਤੀ ਗਈ। ਜਾਂਚ ਦੌਰਾਨ ਸ਼ਿਕਾਇਤਕਰਤਾ ਵੱਲੋਂ ਲਗਾਏ ਗਏ ਦੋਸ਼ ਸਹੀ ਪਾਏ ਜਾਣ ਤੋਂ ਬਾਅਦ ਕਥਿਤ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਜਗਤਾਰ ਸਿੰਘ ਨੇ ਦੱਸਿਆ ਕਿ ਕਥਿਤ ਮੁਲਜ਼ਮ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।