ਮੋਗਾ, 30ਅਗਸਤ (ਜਸ਼ਨ ): ਥਾਣਾ ਧਰਮਕੋਟ ਦੇ ਅਧੀਨ ਪੈਂਦੇ ਪਿੰਡ ਰੇੜਵਾਂ ਵਾਸੀ ਪਰਮਜੀਤ ਸਿੰਘ ਦੇ ਭਰਾ ਅਤੇ ਉਸ ਦੇ ਸਾਲੇ ਨੂੰ ਟਰੈਵਲ ਏਜੰਟ ਪਤੀ-ਪਤਨੀ ਵੱਲੋਂ ਕਥਿਤ ਮਿਲੀਭੁਗਤ ਕਰਕੇ ਵਰਕ ਪਰਮਿਟ ਦੇ ਆਧਾਰ ’ਤੇ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ 23 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਂਚ ਤੋਂ ਬਾਅਦ ਧਰਮਕੋਟ ਪੁਲਸ ਵੱਲੋਂ ਦੋਵੇਂ ਕਥਿਤ ਮੁਲਜ਼ਮਾਂ ਗੁਰਪਰਮ ਸਿੰਘ ਅਤੇ ਉਸ ਦੀ ਪਤਨੀ ਵਰਿੰਦਰਜੀਤ ਕੌਰ ਵਾਸੀ ਪਿੰਡ ਸਨੇਰ, ਫਿਰੋਜ਼ਪੁਰ ਦੇ ਖ਼ਿਲਾਫ਼ ਕਥਿਤ ਮਿਲੀਭੁਗਤ ਅਤੇ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਥਾਣੇਦਾਰ ਇੰਦਰਜੀਤ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜ਼ਿਲਾ ਪੁਲਸ ਮੁਖੀ ਮੋਗਾ ਨੂੰ ਦਿੱਤੀ ਸ਼ਿਕਾਇਤ ਵਿਚ ਪਰਮਜੀਤ ਸਿੰਘ ਨੇ ਦੱਸਿਆ ਕਿ ਅਕਤੂਬਰ 2023 ਵਿਚ ਉਸ ਦੀ ਕਥਿਤ ਮੁਲਜ਼ਮਾਂ ਨਾਲ ਗੱਲਬਾਤ ਹੋਈ ਸੀ। ਉਸ ਨੇ ਦੱਸਿਆ ਕਿ ਉਹ ਆਪਣੇ ਭਰਾ ਜਸਵੀਰ ਸਿੰਘ ਅਤੇ ਆਪਣੇ ਸਾਲੇ ਬਲਵਿੰਦਰ ਸਿੰਘ ਵਾਸੀ ਪਿੰਡ ਗਜਰਾਉਲਾ (ਉੱਤਰਾਖੰਡ) ਨੂੰ ਵਿਦੇਸ਼ ਭੇਜਣਾ ਚਾਹੁੰਦੇ ਸਨ। ਇਸ ’ਤੇ ਕਥਿਤ ਮੁਲਜ਼ਮ ਪਤੀ-ਪਤਨੀ ਨੇ ਉਨ੍ਹਾਂ ਨੂੰ ਵਰਕ ਪਰਮਿਟ ਦੇ ਆਧਾਰ ’ਤੇ ਅਮਰੀਕਾ ਭੇਜਣ ਦਾ ਭਰੋਸਾ ਦਿੱਤਾ। ਸ਼ਿਕਾਇਤਕਰਤਾ ਅਨੁਸਾਰ ਉਹ ਕਥਿਤ ਮੁਲਜ਼ਮਾਂ ਦੇ ਝਾਂਸੇ ਵਿਚ ਆ ਗਏ ਅਤੇ ਉਨ੍ਹਾਂ ਨੂੰ ਲੋੜੀਂਦੇ ਦਸਤਾਵੇਜ਼ਾਂ ਸਮੇਤ 23 ਲੱਖ ਰੁਪਏ ਦੇ ਦਿੱਤੇ। ਪਰ ਕਥਿਤ ਮੁਲਜ਼ਮਾਂ ਨੇ ਨਾ ਤਾਂ ਉਸ ਦੇ ਭਰਾ ਜਸਵੀਰ ਸਿੰਘ ਅਤੇ ਨਾ ਹੀ ਉਸ ਦੇ ਸਾਲੇ ਬਲਵਿੰਦਰ ਸਿੰਘ ਨੂੰ ਅਮਰੀਕਾ ਭੇਜਿਆ ਅਤੇ ਨਾ ਹੀ ਉਨ੍ਹਾਂ ਦੇ ਪੈਸੇ ਵਾਪਸ ਕੀਤੇ। ਸ਼ਿਕਾਇਤਕਰਤਾ ਨੇ ਦੱਸਿਆ ਕਿ ਪੈਸੇ ਵਾਪਸ ਲੈਣ ਅਤੇ ਵਿਦੇਸ਼ ਭੇਜਣ ਸਬੰਧੀ ਕਈ ਵਾਰ ਕਥਿਤ ਮੁਲਜ਼ਮਾਂ ਨਾਲ ਗੱਲਬਾਤ ਕੀਤੀ ਗਈ, ਪਰ ਉਹ ਹਰ ਵਾਰ ਟਾਲਮਟੋਲ ਕਰਦੇ ਰਹੇ। ਇਸ ਤਰ੍ਹਾਂ ਦੋਵੇਂ ਪਤੀ-ਪਤਨੀ ਨੇ ਕਥਿਤ ਮਿਲੀਭੁਗਤ ਕਰਕੇ ਉਨ੍ਹਾਂ ਨਾਲ ਧੋਖਾਧੜੀ ਕੀਤੀ। ਜ਼ਿਲਾ ਪੁਲਸ ਮੁਖੀ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ਦੀ ਜਾਂਚ ਡੀ.ਐੱਸ.ਪੀ. ਸਪੈਸ਼ਲ ਕਰਾਈਮ ਮੋਗਾ ਨੂੰ ਸੌਂਪੀ। ਜਾਂਚ ਦੌਰਾਨ ਦੋਵੇਂ ਧਿਰਾਂ ਨੂੰ ਆਪਣਾ-ਆਪਣਾ ਪੱਖ ਪੇਸ਼ ਕਰਨ ਲਈ ਬੁਲਾਇਆ ਗਿਆ। ਜਾਂਚ ਦੌਰਾਨ ਸ਼ਿਕਾਇਤਕਰਤਾ ਵੱਲੋਂ ਲਗਾਏ ਗਏ ਦੋਸ਼ ਸਹੀ ਪਾਏ ਜਾਣ ’ਤੇ ਕਥਿਤ ਮੁਲਜ਼ਮਾਂ ਖ਼ਿਲਾਫ਼ ਉਕਤ ਮਾਮਲਾ ਦਰਜ ਕੀਤਾ ਗਿਆ। ਜਾਂਚ ਅਧਿਕਾਰੀ ਥਾਣੇਦਾਰ ਇੰਦਰਜੀਤ ਸਿੰਘ ਨੇ ਦੱਸਿਆ ਕਿ ਕਥਿਤ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ ਅਤੇ ਉਨ੍ਹਾਂ ਨੂੰ ਕਾਬੂ ਕਰਨ ਲਈ ਪੁਲਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।
ਖ਼ਬਰਾਂ
2 ਨੌਜਵਾਨਾਂ ਨੂੰ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ 23 ਲੱਖ ਦੀ ਠੱਗੀ, ਟਰੈਵਲ ਏਜੰਟ ਪਤੀ-ਪਤਨੀ ਖਿਲਾਫ ਮਾਮਲਾ ਦਰਜ
31 ਅਗਸਤ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



