ਮੋਗਾ, 13 ਅਗਸਤ (ਜਸ਼ਨ ): ਆਜ਼ਾਦੀ ਦਿਵਸ ਦੇ ਮੌਕੇ ’ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਵੱਲੋਂ ਦੇਸ਼ ਭਰ ਵਿੱਚ ‘ਹਰ ਘਰ ਤਿਰੰਗਾ’ ਅਭਿਆਨ ਚਲਾਇਆ ਜਾ ਰਿਹਾ ਹੈ। ਇਹ ਰਾਸ਼ਟਰਵਿਆਪੀ ਅਭਿਆਨ 9 ਤੋਂ 17 ਅਗਸਤ 2026 ਤੱਕ ਜਾਰੀ ਰਹੇਗਾ। ਇਸ ਅਭਿਆਨ ਦਾ ਉਦੇਸ਼ ਲੋਕਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਨੂੰ ਮਜ਼ਬੂਤ ਕਰਨਾ, ਰਾਸ਼ਟਰੀ ਏਕਤਾ ਨੂੰ ਉਤਸ਼ਾਹਿਤ ਕਰਨਾ ਅਤੇ ਹਰ ਨਾਗਰਿਕ ਨੂੰ ਆਪਣੇ ਘਰ ’ਤੇ ਤਿਰੰਗਾ ਲਹਿਰਾਉਣ ਲਈ ਪ੍ਰੇਰਿਤ ਕਰਨਾ ਹੈ। ਇਸੇ ਤਹਿਤ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਡਾ. ਸੀਮਾਂਤ ਗਰਗ ਵੱਲੋਂ ਮੋਗਾ ਸ਼ਹਿਰ ਵਿੱਚ ਲੋਕਾਂ ਨੂੰ ਆਪਣੇ ਘਰਾਂ ’ਤੇ ਤਿਰੰਗਾ ਲਹਿਰਾਉਣ ਲਈ 2 ਹਜ਼ਾਰ ਤਿਰੰਗੇ ਝੰਡੇ ਵੰਡੇ ਗਏ।
ਇਸ ਮੌਕੇ ਡਾ. ਸੀਮਾਂਤ ਗਰਗ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੱਸਿਆ ਕਿ ਪੁਰਾਣੀ ਦਾਣਾ ਮੰਡੀ ਸਥਿਤ ਭਾਜਪਾ ਦਫ਼ਤਰ ਤੋਂ 14 ਅਗਸਤ ਨੂੰ ਤਿਰੰਗਾ ਯਾਤਰਾ ਕੱਢੀ ਜਾਵੇਗੀ। ਇਸ ਯਾਤਰਾ ਦੌਰਾਨ ਨੌਜਵਾਨ ਮੋਟਰਸਾਈਕਲਾਂ ’ਤੇ ਤਿਰੰਗੇ ਝੰਡੇ ਲਹਿਰਾਉਂਦੇ ਹੋਏ ਸ਼ਹਿਰ ਵਿੱਚ ਲੋਕਾਂ ਨੂੰ 15 ਅਗਸਤ ਨੂੰ ਆਪਣੇ ਘਰਾਂ ’ਤੇ ਤਿਰੰਗਾ ਲਹਿਰਾਉਣ ਲਈ ਪ੍ਰੇਰਿਤ ਕਰਨਗੇ।
ਉਨ੍ਹਾਂ ਕਿਹਾ ਕਿ ‘ਹਰ ਘਰ ਤਿਰੰਗਾ’ ਅਭਿਆਨ ਤਹਿਤ ਵੱਖ-ਵੱਖ ਥਾਵਾਂ ’ਤੇ ਰਾਸ਼ਟਰੀ ਝੰਡੇ ਵੰਡੇ ਜਾ ਰਹੇ ਹਨ। ਬਾਜ਼ਾਰਾਂ ਅਤੇ ਸਥਾਨਕ ਪੱਧਰ ’ਤੇ ਵੀ ਲੋਕਾਂ ਨੂੰ ਤਿਰੰਗੇ ਮੁਹੱਈਆ ਕਰਵਾਏ ਜਾ ਰਹੇ ਹਨ, ਤਾਂ ਜੋ ਉਹ ਆਪਣੇ ਘਰਾਂ, ਦਫ਼ਤਰਾਂ ਅਤੇ ਵਪਾਰਕ ਅਦਾਰਿਆਂ ’ਤੇ ਰਾਸ਼ਟਰੀ ਝੰਡਾ ਲਹਿਰਾ ਸਕਣ। ਡਾ. ਗਰਗ ਨੇ ਦੱਸਿਆ ਕਿ ਭਾਜਪਾ ਕਾਰਕੁਨਾਂ ਨੂੰ ਰੈਲੀਆਂ ਦੌਰਾਨ ਪਾਰਟੀ ਦੇ ਝੰਡੇ ਦੀ ਬਜਾਏ ਕੇਵਲ ਰਾਸ਼ਟਰੀ ਝੰਡਾ ਤਿਰੰਗਾ ਵਰਤਣ ਦੀ ਹਦਾਇਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਅਭਿਆਨ ਨੂੰ ਵੱਧ ਤੋਂ ਵੱਧ ਲੋਕਾਂ ਦੀ ਭਾਗੀਦਾਰੀ ਨਾਲ ਇੱਕ ਜਨ ਅੰਦੋਲਨ ਦਾ ਰੂਪ ਦੇਣ ਵਿੱਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਅਤੇ ਨਵੇਂ ਵੋਟਰਾਂ ਨੂੰ ਰਾਸ਼ਟਰੀ ਗੌਰਵ ਅਤੇ ਦੇਸ਼ ਭਗਤੀ ਦੀ ਭਾਵਨਾ ਨਾਲ ਜੋੜਨ ਲਈ ਵਿਸ਼ੇਸ਼ ਪ੍ਰੋਗਰਾਮ ਵੀ ਕਰਵਾਏ ਜਾ ਰਹੇ ਹਨ। ਭਾਜਪਾ ਆਗੂਆਂ ਅਤੇ ਕਾਰਕੁਨਾਂ ਵੱਲੋਂ ਨੌਜਵਾਨਾਂ ਨੂੰ ਆਜ਼ਾਦੀ ਦਿਵਸ ਦੀ ਮਹੱਤਤਾ ਅਤੇ ਰਾਸ਼ਟਰ ਨਿਰਮਾਣ ਵਿੱਚ ਉਨ੍ਹਾਂ ਦੀ ਭੂਮਿਕਾ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਤਿਰੰਗਾ ਯਾਤਰਾਵਾਂ ਅਤੇ ਜਨ ਸੰਪਰਕ ਪ੍ਰੋਗਰਾਮਾਂ ਰਾਹੀਂ ਲੋਕਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਅਭਿਆਨ ਨਾਲ ਜੁੜਨ ਅਤੇ ਆਜ਼ਾਦੀ ਦਿਵਸ ਮੌਕੇ ਆਪਣੇ ਘਰਾਂ ’ਤੇ ਤਿਰੰਗਾ ਲਹਿਰਾਉਣ ਦੀ ਅਪੀਲ ਕੀਤੀ ਜਾ ਰਹੀ ਹੈ। ‘ਹਰ ਘਰ ਤਿਰੰਗਾ’ ਅਭਿਆਨ ਰਾਸ਼ਟਰੀ ਏਕਤਾ, ਅਖੰਡਤਾ ਅਤੇ ਦੇਸ਼ ਭਗਤੀ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨ ਦਾ ਮੌਕਾ ਹੈ। ਇਸ ਮੌਕੇ ਆਫਿਸ ਇੰਚਾਰਜ ਜਤਿੰਦਰ ਚੱਢਾ, ਆਈ.ਟੀ. ਸੈੱਲ ਇੰਚਾਰਜ ਮੁਕੇਸ਼ ਸ਼ਰਮਾ, ਪ੍ਰਵਾਸੀ ਮੰਚ ਦੇ ਪ੍ਰਧਾਨ ਵਿਜੇ ਮਿਸ਼ਰਾ, ਸੰਜੀਵ ਅਗਰਵਾਲ, ਕਮਲ ਕੁਮਾਰ, ਅਮਿਤ ਸੂਦ, ਰੀਤੂ ਬਾਲਾ, ਪ੍ਰਣਵ ਕੁਮਾਰ, ਕਾਕੂ ਸੂਦ, ਮੰਡਲ ਪ੍ਰਧਾਨ ਉਮਾਕਾਂਤ, ਸੁਕੇਸ਼ ਸੂਦ ਅਤੇ ਗੋਲਡੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਭਾਜਪਾ ਦੇ ਅਹੁਦੇਦਾਰ ਹਾਜ਼ਰ ਸਨ।