ਗੁਰਦਾਸਪੁਰ,23 ਮਈ (ਜਸ਼ਨ ) ਧਾਰੀਵਾਲ ਨੇੜੇ ਕਸਬਾ ਕਲੇਰ ਖੁਰਦ ਦੇ ਨਜਦੀਕ ਨੈਸ਼ਨਲ ਹਾਈਵੇ ਤੇ ਹੋਏ ਭਿਆਨਕ ਹਾਦਸੇ ਵਿਚ ਦੋ ਵਿਅਕਤੀਆਂ ਦੀ ਮੌਤ ਹੋ ਗਈ।ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਟੁਰਿਸਟ ਬੱਸ ਪਲਟ ਗਈ। "ਅੰਤਰਰਾਸ਼ਟਰੀ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨੂੰ ਮਿਲੀ ਜਾਣਕਾਰੀ ਮੁਤਾਬਿਕ ਬੱਸ ਦਾ ਸੰਤੁਲਣ ਵਿਗੜਨ ਕਾਰਨ ਹਾਦਸਾ ਵਾਪਰਿਆ. ਅਤੇ ਬੱਸ ਪਲਟਣ ਕਾਰਨ ਤਿੰਨ ਤੋਂ ਚਾਰ ਹੋਰ ਗੱਡੀਆਂ ਵੀ ਆਪਸ ' ਟਕਰਾਈਆਂ । ਬੱਸ 'ਚ ਸਵਾਰ ਕਾਲਜ ਵਿਦਿਆਰਥੀਆਂ ਵਿਚੋਂ ਦੋ ਦੀ ਮੌਤ ਹੋ ਗਈ। ਇਸ ਹਾਦਸੇ ਵਿਚ 5 ਦੇ ਕਰੀਬ ਵਿਦਿਆਰਥੀ ਜ਼ਖਮੀ ਹੋਏ । ਬੱਸ ਅੰਮ੍ਰਿਤਸਰ ਤੋਂ ਜੰਮੂ ਜਾ ਰਹੀ ਸੀ ਅਤੇ ਬੱਸ ਵਿੱਚ ਜਿਆਦਾਤਰ ਵਿਦਿਆਰਥੀ ਸਵਾਰ ਸਨ ਜਿਹੜੇ ਪੜ੍ਹਾਈ ਦੇ ਪੇਪਰ ਖਤਮ ਹੋਣ ਤੋਂ ਬਾਅਦ ਆਪਣੇ ਘਰ ਜੰਮੂ ਜਾ ਰਹੇ ਸਨ। ਇਸ ਮੌਕੇ ਵਿਦਿਆਰਥੀਆਂ ਨਿਤਿਸ਼ , ਹਰੀਸ਼ ਅਤੇ ਵਿਸ਼ਵ ਅਰੋੜਾ ਨੇ ਦੱਸਿਆ ਕੇ ਅਸੀਂ ਗਲੋਬਲ ਕਾਲਜ ਵਿੱਚ ਪੜ੍ਹਦੇ ਹਾਂ ਅਤੇ ਸਾਨੂੰ ਛੁੱਟੀਆਂ ਹੋ ਗਈਆ ਸਨ ਅਤੇ ਅਸੀ ਆਪਣੇ ਘਰਾਂ ਨੂੰ ਜਾ ਰਹੇ ਸੀ ਤਾਂ ਇਹ ਹਾਦਸਾ ਵਾਪਰ ਗਿਆ। ਇਸ ਮੌਕੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ। ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਵੱਲੋਂ ਹਾਦਸਾ ਗ੍ਰਸਤ ਹੋਈ ਬੱਸ ਅਤੇ ਗੱਡੀਆਂ ਨੂੰ ਸਾਈਡ ਤੇ ਕਰਕੇ ਆਵਾਜਾਈ ਨੂੰ ਬਹਾਲ ਕਰਵਾ ਦਿੱਤਾ ਗਿਆ ਹੈ। ਪੁਲਿਸ ਅਧਿਕਾਰੀ ਬਲਜੀਤ ਸਿੰਘ ਦਾ ਕਹਿਣਾ ਹੈ ਕਿ ਮ੍ਰਿਤਕ ਨੌਜਵਾਨਾਂ ਦੇ ਪਰਿਵਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਹਾਦਸੇ ਦੇ ਕਾਰਨਾਂ ਅਤੇ ਸਮੁਚੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।