ਮੋਗਾ, 10 ਅਕਤੂਬਰ (ਜਸ਼ਨ ) ਮੋਗਾ-ਫਿਰੋਜ਼ਪੁਰ ਜੀ.ਟੀ. ਰੋਡ ’ਤੇ ਥਾਣਾ ਸਦਰ ਦੇ ਅਧੀਨ ਪੈਂਦੇ ਇਲਾਕੇ ਵਿਚ ਦੋ ਦਿਨ ਪਹਿਲਾਂ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿਚ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਦੀ ਮੌਤ ਹੋ ਗਈ । ਇਸ ਸਬੰਧੀ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਥਾਣਾ ਸਦਰ ਦੇ ਸਹਾਇਕ ਥਾਣੇਦਾਰ ਲਖਵੀਰ ਸਿੰਘ ਨੇ ਦੱਸਿਆ ਕਿ ਰੇਸ਼ਮ ਸਿੰਘ (50) ਅਤੇ ਨਛੱਤਰ ਸਿੰਘ (50), ਦੋਵੇਂ ਵਾਸੀ ਪਿੰਡ ਮੰਗੇਵਾਲਾ, ਆਪਣੇ ਮੋਟਰਸਾਈਕਲ ’ਤੇ ਪਿੰਡ ਤੋਂ ਮੋਗਾ ਵੱਲ ਆ ਰਹੇ ਸਨ। ਉਨ੍ਹਾਂ ਦੱਸਿਆ ਕਿ ਜਦੋਂ ਉਹ ਘੱਲ ਕਲਾਂ ਤੋਂ ਥੋੜ੍ਹਾ ਅੱਗੇ ਪਹੁੰਚੇ ਤਾਂ ਹਾਈਵੇਅ ਦੀ ਸੜਕ ਇੱਕ ਪਾਸੇ ਤੋਂ ਬੰਦ ਹੋਣ ਕਾਰਨ ਜਦੋਂ ਉਹ ਦੂਜੇ ਪਾਸੇ ਵਾਲੀ ਸੜਕ ਤੋਂ ਲੰਘ ਰਹੇ ਸਨ ਤਾਂ ਅਚਾਨਕ ਉਨ੍ਹਾਂ ਦਾ ਮੋਟਰਸਾਈਕਲ ਬੁਰੀ ਤਰ੍ਹਾਂ ਤਿਲਕ ਗਿਆ ਅਤੇ ਡਿਵਾਈਡਰ ਨਾਲ ਜਾ ਟਕਰਾਇਆ। ਇਸ ਹਾਦਸੇ ਦੌਰਾਨ ਰੇਸ਼ਮ ਸਿੰਘ ਅਤੇ ਨਛੱਤਰ ਸਿੰਘ ਦੋਵਾਂ ਦੇ ਸਿਰ ਡਿਵਾਈਡਰ ਨਾਲ ਜਾ ਟਕਰਾਏ, ਜਿਸ ਕਾਰਨ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਨਛੱਤਰ ਸਿੰਘ ਨੂੰ ਇਲਾਜ ਲਈ ਮੋਗਾ ਦੇ ਇੱਕ ਨਿੱਜੀ ਹਸਪਤਾਲ ਵਿਚ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜਦਕਿ ਰੇਸ਼ਮ ਸਿੰਘ ਨੂੰ ਇਲਾਜ ਲਈ ਡੀ.ਐੱਮ.ਸੀ. ਲਿਜਾਇਆ ਜਾ ਰਿਹਾ ਸੀ ਪਰ ਉਸ ਨੇ ਰਸਤੇ ਵਿਚ ਹੀ ਦਮ ਤੋੜ ਦਿੱਤਾ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਲਖਵੀਰ ਸਿੰਘ ਨੇ ਦੱਸਿਆ ਕਿ ਦੋਵੇਂ ਵਿਅਕਤੀ ਖੇਤੀਬਾੜੀ ਦਾ ਕੰਮ ਕਰਦੇ ਸਨ ਅਤੇ ਇੱਕੋ ਮੋਟਰਸਾਈਕਲ ’ਤੇ ਸਵਾਰ ਹੋ ਕੇ ਮੋਗਾ ਵੱਲ ਆ ਰਹੇ ਸਨ। ਉਨ੍ਹਾਂ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲਣ ’ਤੇ ਉਹ ਤੁਰੰਤ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਅਤੇ ਜਾਂਚ ਕਰਨ ਤੋਂ ਇਲਾਵਾ ਆਸ-ਪਾਸ ਦੇ ਲੋਕਾਂ ਤੋਂ ਪੁੱਛਗਿੱਛ ਕਰਕੇ ਮੌਕੇ ਦਾ ਨਿਰੀਖਣ ਵੀ ਕੀਤਾ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੇ ਭਰਾ ਤਰਸੇਮ ਸਿੰਘ ਵਾਸੀ ਪਿੰਡ ਮੰਗੇਵਾਲਾ ਦੇ ਬਿਆਨਾਂ ’ਤੇ ਅ/ਧ 194 ਤਹਿਤ ਕਾਰਵਾਈ ਕਰਨ ਉਪਰੰਤ ਅੱਜ ਦੋਵਾਂ ਮ੍ਰਿਤਕਾਂ ਦੀਆਂ ਲਾਸ਼ਾਂ ਦਾ ਸਿਵਲ ਹਸਪਤਾਲ ਮੋਗਾ ਤੋਂ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀਆਂ ਗਈਆਂ ਹਨ।
ਖ਼ਬਰਾਂ
ਮੋਗਾ-ਫਿਰੋਜ਼ਪੁਰ ਜੀ.ਟੀ. ਰੋਡ ’ਤੇ ਵਾਪਰੇ ਭਿਆਨਕ ਹਾਦਸੇ ’ਚ 2 ਦੀ ਮੌਤ
10 ਅਕਤੂਬਰ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



