ਤਰਨ ਤਾਰਨ, 26 ਜੂਨ (ਅਮਿਤ ਮਰਵਾਹਾ) ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਦੇ ਮੌਕੇ 'ਤੇ ਦ ਕਲਗੀਧਰ ਟਰੱਸਟ ਵੱਲੋਂ ਸੰਚਾਲਿਤ 121 ਅਕਾਲ ਅਕੈਡਮੀ ਸਕੂਲਾਂ ਦੇ 15,000 ਤੋਂ ਵੱਧ ਵਿਦਿਆਰਥੀਆਂ ਨੇ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਇੱਕ ਵਿਸ਼ੇਸ਼ ਨਸ਼ਾ ਜਾਗਰੂਕਤਾ ਮੁਹਿੰਮ ਵਿੱਚ ਭਾਗ ਲਿਆ।
ਸਵੇਰੇ 8:00 ਵਜੇ ਸਾਰੇ ਸਕੂਲਾਂ ਦੇ ਵਿਦਿਆਰਥੀ ਆਪਣੇ-ਆਪਣੇ ਕੈਂਪਸ ਵਿੱਚ ਇਕੱਠੇ ਹੋਏ ਅਤੇ 'WE ARE DRUG FREE' (ਅਸੀਂ ਨਸ਼ਾ ਮੁਕਤ ਹਾਂ) ਦੀ ਮਨੁੱਖੀ ਆਕ੍ਰਿਤੀ ਬਣਾ ਕੇ ਨਸ਼ਿਆਂ ਤੋਂ ਦੂਰ ਰਹਿਣ ਦਾ ਸੰਕਲਪ ਦੁਹਰਾਇਆ। ਇਹ ਵਿਸ਼ੇਸ਼ ਗਤੀਵਿਧੀ ਵਰਲਡ ਬੁੱਕ ਆਫ ਰਿਕਾਰਡਜ਼, ਲੰਡਨ ਵਿੱਚ ਦਰਜ ਕਰਵਾਉਣ ਦੇ ਉਦੇਸ਼ ਨਾਲ ਆਯੋਜਿਤ ਕੀਤੀ ਗਈ।
ਇਸ ਮੌਕੇ ਅਕਾਲ ਅਕੈਡਮੀ ਰਾਮਪੁਰ ਨਰੋਤਮਪੁਰ ਦੀ ਪ੍ਰਿੰਸੀਪਲ ਮਨਰੀਤ ਕੌਰ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿੱਧ ਨਾਲ ਗੱਲਬਾਤ ਦੌਰਾਨ ਕਿਹਾ ਕਿ , "ਇਹ ਪਹਿਲ ਸਾਡੇ ਵਿਦਿਆਰਥੀਆਂ ਦੀ ਨਸ਼ਾ-ਮੁਕਤ ਸਮਾਜ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਸਾਲ ਭਰ ਚਲਾਏ ਜਾਣ ਵਾਲੇ ਜਾਗਰੂਕਤਾ ਪ੍ਰੋਗਰਾਮਾਂ, ਕਦਰਾਂ-ਕੀਮਤਾਂ ਆਧਾਰਿਤ ਸਿੱਖਿਆ, ਕਾਊਂਸਲਿੰਗ ਸੇਵਾਵਾਂ ਅਤੇ ਨਿਵਾਰਕ ਗਤੀਵਿਧੀਆਂ ਰਾਹੀਂ ਸਾਡੇ ਸਕੂਲ ਨਸ਼ਾ-ਮੁਕਤ ਕੈਂਪਸ ਬਣਾਈ ਰੱਖਣ ਲਈ ਨਿਰੰਤਰ ਯਤਨਸ਼ੀਲ ਹਨ।"
ਦ ਕਲਗੀਧਰ ਟਰੱਸਟ ਆਪਣੇ ਵਿੱਦਿਅਕ ਅਦਾਰਿਆਂ ਰਾਹੀਂ ਨਸ਼ਾ ਰੋਕਥਾਮ ਅਤੇ ਸਮਾਜਿਕ ਜਾਗਰੂਕਤਾ ਮੁਹਿੰਮਾਂ ਨੂੰ ਲਗਾਤਾਰ ਅੱਗੇ ਵਧਾ ਰਿਹਾ ਹੈ। ਅਕਾਲ ਅਕੈਡਮੀ ਦੇ ਵਿਦਿਆਰਥੀ ਇਸ ਤੋਂ ਪਹਿਲਾਂ ਵੀ ਅਜਿਹੀਆਂ ਵਿਆਪਕ ਜਨ-ਜਾਗਰੂਕਤਾ ਮੁਹਿੰਮਾਂ ਰਾਹੀਂ ਦੋ ਵਿਸ਼ਵ ਰਿਕਾਰਡ ਅਤੇ ਇੱਕ ਲਿਮਕਾ ਬੁੱਕ ਆਫ ਰਿਕਾਰਡਜ਼ ਸਨਮਾਨ ਪ੍ਰਾਪਤ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾ ਚੁੱਕੇ ਹਨ।
ਇਹ ਮੁਹਿੰਮ ਨੌਜਵਾਨਾਂ ਨੂੰ ਨਸ਼ਾ-ਮੁਕਤ ਭਾਰਤ ਦੀ ਸਿਰਜਣਾ ਲਈ ਪ੍ਰੇਰਿਤ ਕਰਨ ਅਤੇ ਉਨ੍ਹਾਂ ਨੂੰ ਜ਼ਿੰਮੇਵਾਰ ਨਾਗਰਿਕ ਬਣਾਉਣ ਵੱਲ ਇੱਕ ਅਹਿਮ ਕਦਮ ਸਾਬਤ ਹੋ ਰਹੀ ਹੈ।