
ਬਾਰਡਰ ਬੈਲਟ ਦੇ ਨੌਜਵਾਨਾਂ ਨੂੰ ਲਾਲਚ ਦੇ ਕੇ ਵਰਤਿਆ ਜਾ ਰਿਹਾ ਸੀ: ਪੁਲਿਸ ਕਮਿਸ਼ਨਰ
ਅੰਮ੍ਰਿਤਸਰ ਸਾਹਿਬ ,25 ਜੂਨ (ਲਛਮਣਜੀਤ ਸਿੰਘ ਪੁਰਬਾ ): ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਵੱਡਾ ਖੁਲਾਸਾ ਕੀਤਾ ਹੈ ਕਿ ਅੰਮ੍ਰਿਤਸਰ ਪੁਲਿਸ ਨੇ ਡਰੋਨ ਰਾਹੀਂ ਭਾਰਤੀ ਖੇਤਰ ਵਿੱਚ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਇੱਕ ਵੱਡੇ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਇਸ ਕਾਰਵਾਈ ਦੌਰਾਨ ਕੁੱਲ 10 ਆਧੁਨਿਕ ਪਿਸਤੌਲ ਬਰਾਮਦ ਕੀਤੇ ਗਏ ਹਨ ਅਤੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਬਰਾਮਦ ਹਥਿਆਰਾਂ ਵਿੱਚ 8 ਪਿਸਤੌਲ 0.30 ਬੋਰ ਦੇ ਹਨ, ਜਦਕਿ 2 ਪਿਸਤੌਲ 9 ਐਮਐਮ ਕੈਟੇਗਰੀ ਦੇ ਹਨ। ਕੁਝ ਹਥਿਆਰ ਚੀਨ ਅਤੇ ਪਾਕਿਸਤਾਨ ਵਿੱਚ ਬਣੇ ਹੋਏ ਵੀ ਪਾਏ ਗਏ ਹਨ। ਇਸ ਤੋਂ ਇਲਾਵਾ ਕੁਝ ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ। ਇਹ ਪੂਰਾ ਨੈੱਟਵਰਕ ਡਰੋਨ ਦੀ ਮਦਦ ਨਾਲ ਸਰਹੱਦ ਪਾਰੋਂ ਹਥਿਆਰ ਭੇਜ ਕੇ ਅੱਗੇ ਸਪਲਾਈ ਕਰਨ ਵਿੱਚ ਲੱਗਾ ਹੋਇਆ ਸੀ।
ਪੁਲਿਸ ਕਮਿਸ਼ਨਰ ਨੇ ਜਾਣਕਾਰੀ ਦਿੱਤੀ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਬਾਰਡਰ ਬੈਲਟ ਨਾਲ ਸੰਬੰਧਤ ਹਨ। ਇਨ੍ਹਾਂ ਵਿੱਚ ਰਵੀ ਅਤੇ ਸ਼ਰਨਵੀਰ ਅੰਮ੍ਰਿਤਸਰ ਦਿਹਾਤੀ ਖੇਤਰ ਦੇ ਰਹਿਣ ਵਾਲੇ ਹਨ, ਜਦਕਿ ਮਨਪ੍ਰੀਤ ਉਰਫ ਮੰਨੂ ਅਤੇ ਪਿੱਪਲ ਸਿੰਘ ਫਿਰੋਜ਼ਪੁਰ ਜ਼ਿਲ੍ਹੇ ਨਾਲ ਸਬੰਧਤ ਹਨ। ਇਨ੍ਹਾਂ ਦੀ ਉਮਰ ਲਗਭਗ 21 ਤੋਂ 33 ਸਾਲ ਦੇ ਵਿਚਕਾਰ ਹੈ ਅਤੇ ਇਹ ਸਧਾਰਣ ਤੌਰ ‘ਤੇ ਮਜ਼ਦੂਰੀ ਜਾਂ ਮਕੈਨਿਕ ਦਾ ਕੰਮ ਕਰਦੇ ਸਨ। ਪੁਲਿਸ ਮੁਤਾਬਕ ਇਨ੍ਹਾਂ ਦਾ ਪਹਿਲਾਂ ਕੋਈ ਵੱਡਾ ਅਪਰਾਧਿਕ ਰਿਕਾਰਡ ਸਾਹਮਣੇ ਨਹੀਂ ਆਇਆ।
ਉਨ੍ਹਾਂ ਦੱਸਿਆ ਕਿ ਇਹ ਪੂਰਾ ਮਾਡਿਊਲ ਪਾਕਿਸਤਾਨ ਆਧਾਰਿਤ ਤਸਕਰਾਂ ਨਾਲ ਜੁੜਿਆ ਹੋਇਆ ਸੀ, ਜਿਸ ਵਿੱਚ “ਚਾਚਾ” ਨਾਮਕ ਹੈਂਡਲਰ ਦੀ ਭੂਮਿਕਾ ਸਾਹਮਣੇ ਆਈ ਹੈ। ਇਹ ਗਿਰੋਹ ਭਾਰਤ ਅੰਦਰ ਗਰੀਬ ਅਤੇ ਬੇਰੋਜ਼ਗਾਰ ਨੌਜਵਾਨਾਂ ਨੂੰ ਪੈਸੇ ਦਾ ਲਾਲਚ ਦੇ ਕੇ ਵਰਤਦਾ ਸੀ। ਡਰੋਨ ਰਾਹੀਂ ਹਥਿਆਰ ਗਿਰਾਏ ਜਾਂਦੇ ਸਨ ਅਤੇ ਸਥਾਨਕ ਰਿਸੀਵਰ ਉਨ੍ਹਾਂ ਨੂੰ ਚੁੱਕ ਕੇ ਅੱਗੇ ਸਪਲਾਈ ਕਰਦੇ ਸਨ।
ਪੁਲਿਸ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਇਹ ਮਾਡਿਊਲ ਅਟਾਰੀ ਅਤੇ ਫਿਰੋਜ਼ਪੁਰ ਬਾਰਡਰ ਸੈਕਟਰ ਦੋਵਾਂ ਰਾਹੀਂ ਸਰਗਰਮ ਸੀ ਅਤੇ ਇਨ੍ਹਾਂ ਇਲਾਕਿਆਂ ਵਿੱਚ ਸਮਨਵਯ ਬਣਾਕੇ ਗੈਰਕਾਨੂੰਨੀ ਹਥਿਆਰਾਂ ਦੀ ਸਪਲਾਈ ਕੀਤੀ ਜਾ ਰਹੀ ਸੀ। ਪੁਲਿਸ ਨੇ ਇੰਟੈਲੀਜੈਂਸ ਇਨਪੁੱਟ ਦੇ ਆਧਾਰ ‘ਤੇ ਇਹ ਵੱਡੀ ਕਾਰਵਾਈ ਕੀਤੀ ਹੈ।
ਇਸ ਆਪਰੇਸ਼ਨ ਵਿੱਚ ਡੀਸੀਪੀ ਇਨਵੈਸਟੀਗੇਸ਼ਨ ਰਵਿੰਦਰ ਪਾਲ ਸਿੰਘ, ਏਡੀਸੀਪੀ ਜਗਵਿੰਦਰ ਸਿੰਘ, ਏਸੀਪੀ ਇਨਵੈਸਟੀਗੇਸ਼ਨ ਅਤੇ ਐਂਟੀ-ਨਾਰਕੋਟਿਕਸ ਤੇ ਐਂਟੀ ਗੈਂਗਸਟਰ ਯੂਨਿਟ ਦੀਆਂ ਟੀਮਾਂ ਸ਼ਾਮਲ ਸਨ।
ਪੁਲਿਸ ਕਮਿਸ਼ਨਰ ਨੇ ਸਪਸ਼ਟ ਕੀਤਾ ਕਿ ਅਜਿਹੇ ਨੈੱਟਵਰਕ ਪੰਜਾਬ ਦੇ ਨੌਜਵਾਨਾਂ ਨੂੰ ਗਲਤ ਰਸਤੇ ‘ਤੇ ਲੈ ਜਾ ਕੇ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਬਣ ਰਹੇ ਹਨ। ਉਨ੍ਹਾਂ ਅਪੀਲ ਕੀਤੀ ਕਿ ਲੋਕ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਜਾਣਕਾਰੀ ਤੁਰੰਤ ਪੁਲਿਸ ਨਾਲ ਸਾਂਝੀ ਕਰਨ।




